ਬੰਗਲੂਰੂ, 20 ਜੁਲਾਈ
ਕਰਨਾਟਕ ਵਿਧਾਨ ਸਭਾ ਦੇ ਸਪੀਕਰ ਯੂ ਟੀ ਖਾਦਰ ਨੇ ਸਦਨ ’ਚ ਮਾੜੇ ਵਿਹਾਰ ਲਈ ਭਾਜਪਾ ਦੇ 10 ਵਿਧਾਇਕਾਂ ਨੂੰ ਸੈਸ਼ਨ ਦੇ ਬਾਕੀ ਰਹਿੰਦੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ 10 ਵਿਧਾਇਕਾਂ ’ਚ ਡਾਕਟਰ ਸੀ ਐੱਨ ਅਸ਼ਵਥ ਨਾਰਾਇਣ, ਵੀ ਸੁਨੀਲ ਕੁਮਾਰ, ਆਰ ਅਸ਼ੋਕ, ਅਰੱਗਾ ਗਿਆਨੇਂਦਰ (ਸਾਰੇ ਸਾਬਕਾ ਮੰਤਰੀ), ਡੀ ਵੇਦਵਿਆਸ ਕਾਮਥ, ਯਸ਼ਪਾਲ ਸੁਵਰਨਾ, ਧੀਰਜ ਮੁਨੀਰਾਜ, ਏ ਉਮਾਨਾਥ ਕੋਟੀਆ, ਅਰਵਿੰਦ ਬੇਲਾਡ ਅਤੇ ਵਾਈ ਭਰਤ ਸ਼ੈੱਟੀ ਸ਼ਾਮਲ ਹਨ। ਵਿਧਾਨ ਸਭਾ ਇਜਲਾਸ 3 ਜੁਲਾਈ ਨੂੰ ਸ਼ੁਰੂ ਹੋਇਆ ਸੀ ਅਤੇ ਇਹ 21 ਜੁਲਾਈ ਨੂੰ ਖ਼ਤਮ ਹੋਵੇਗਾ। ਵਿਰੋਧੀ ਧਿਰਾਂ ਦੀ ਇਥੇ ਹੋਈ ਮੀਟਿੰਗ ਦੌਰਾਨ ਕਾਂਗਰਸ ਸਰਕਾਰ ਵੱਲੋਂ ਆਈਏਐੱਸ ਅਫ਼ਸਰਾਂ ਦੀ ‘ਦੁਰਵਰਤੋਂ’ ਕਰਨ ਦਾ ਭਾਜਪਾ ਆਗੂ ਵਿਰੋਧ ਕਰ ਰਹੇ ਸਨ। ਇਸ ਦੌਰਾਨ ਸਪੀਕਰ ਵੱਲੋਂ ਲੰਚ ਬਰੇਕ ਦਿੱਤੇ ਬਿਨਾਂ ਸਦਨ ਦੀ ਕਾਰਵਾਈ ਜਾਰੀ ਰੱਖਣ ਦੇ ਫ਼ੈਸਲੇ ਤੋਂ ਨਾਰਾਜ਼ ਭਾਜਪਾ ਦੇ ਕੁਝ ਮੈਂਬਰਾਂ ਨੇ ਬਿੱਲਾਂ ਅਤੇ ਏਜੰਡੇ ਦੀਆਂ ਕਾਪੀਆਂ ਪਾੜ ਕੇ ਚੇਅਰ ਵੱਲ ਉਛਾਲ ਦਿੱਤੀਆਂ। ਕਾਨੂੰਨ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਐੱਚ ਕੇ ਪਾਟਿਲ ਨੇ ਧਾਰਾ 348 ਤਹਿਤ 10 ਮੈਂਬਰਾਂ ਨੂੰ ਮੁਅੱਤਲ ਕਰਨ ਦੀ ਤਜਵੀਜ਼ ਪੇਸ਼ ਕੀਤੀ। ਸਪੀਕਰ ਨੇ ਭਾਜਪਾ ਵਿਧਾਇਕਾਂ ਦੀ ਹਰਕਤ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਮਤੇ ’ਤੇ ਵੋਟਿੰਗ ਕਰਵਾਈ ਜਿਸ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਭਾਜਪਾ ਵਿਧਾਇਕਾਂ ਨੂੰ ਮੁਅੱਤਲ ਕਰਨ ਦੇ ਰੋਸ ਵਜੋਂ ਪਾਰਟੀ ਦੇ ਬਾਕੀ ਮੈਂਬਰਾਂ ਨੇ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਜਨਤਾ ਦਲ (ਐੱਸ) ਆਗੂ ਅਤੇ ਸਾਬਕਾ ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ ਨੇ ਵੀ ਭਾਜਪਾ ਦਾ ਸਾਥ ਦਿੱਤਾ। ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ ਸਣੇ ਬਾਕੀ ਸਾਰੇ ਆਗੂਆਂ ਨੂੰ ਹਿਰਾਸਤ ’ਚ ਲੈ ਕੇ ਪੁਲੀਸ ਸਟੇਸ਼ਨ ਲਿਜਾਇਆ ਗਿਆ। ਬੋਮਈ ਨੇ ਭਾਜਪਾ ਮੈਂਬਰਾਂ ਦੀ ਸਦਨ ’ਚੋਂ ਮੁਅੱਤਲੀ ਨੂੰ ‘ਗ਼ੈਰਕਾਨੂੰਨੀ’ ਅਤੇ ‘ਲੋਕਤੰਤਰ ਦੀ ਹੱਤਿਆ’ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਸਿੱਧਾਰਮਈਆ ਸਰਕਾਰ ਨੇ ਤਾਨਾਸ਼ਾਹੀ ਰਵੱਈਆ ਅਪਣਾਇਆ ਹੈ ਅਤੇ ਉਹ ਵਿਰੋਧੀ ਧਿਰ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਲੋਕਾਂ ਕੋਲ ਲੈ ਕੇ ਜਾਣਗੇ।