ਕਰਨਾਟਕ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਓਮ ਪ੍ਰਕਾਸ਼ ਦੀ ਐਤਵਾਰ ਨੂੰ ਬੈਂਗਲੁਰੂ ਸਥਿਤ ਉਨ੍ਹਾਂ ਦੇ ਘਰ ਵਿਚ ਹੱਤਿਆ ਕਰ ਦਿਤੀ ਗਈ। ਪੁਲਿਸ ਨੇ ਪਤਨੀ ਪੱਲਵੀ ਅਤੇ ਧੀ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ ਹੈ। ਸ਼ੱਕ ਹੈ ਕਿ ਪਤਨੀ ਮਾਨਸਿਕ ਤੌਰ ’ਤੇ ਸਹੀ ਨਹੀਂ ਸੀ। ਲੜਾਈ ਤੋਂ ਬਾਅਦ, ਉਸ ਨੇ ਖੁਦ ਹੀ ਆਪਣੇ ਪਤੀ ਦਾ ਕਤਲ ਕਰ ਦਿਤਾ। ਹਾਲਾਂਕਿ, ਪੁਲਿਸ ਇਸ ਦੇ ਸਬੂਤ ਇਕੱਠੇ ਕਰ ਰਹੀ ਹੈ।

ਕਰਨਾਟਕ ਦੇ ਸਾਬਕਾ ਡੀਜੀਪੀ ਓਮ ਪ੍ਰਕਾਸ਼ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਦਾ ਮੰਨਣਾ ਹੈ ਕਿ ਸਾਬਕਾ ਡੀਜੀਪੀ ਓਮ ਪ੍ਰਕਾਸ਼ ਦੀ ਪਤਨੀ ਪੱਲਵੀ ਨੇ ਚਾਕੂ ਮਾਰਨ ਤੋਂ ਪਹਿਲਾਂ ਉਸ ਦੇ ਚਿਹਰੇ ’ਤੇ ਮਿਰਚ ਪਾਊਡਰ ਸੁੱਟਿਆ ਸੀ। ਹਾਲਾਂਕਿ, ਇਸ ਦੀ ਪੁਸ਼ਟੀ ਲਈ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਪੁਲਿਸ ਨੇ ਪੱਲਵੀ ਨੂੰ ਹਿਰਾਸਤ ਵਿਚ ਲੈ ਲਿਆ ਹੈ ਕਿਉਂਕਿ ਉਹ ਕਤਲ ਕੇਸ ਦੀ ਮੁੱਖ ਸ਼ੱਕੀ ਹੈ।

ਉਸ ਦੀ ਧੀ ਕ੍ਰਿਤੀ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਹੈ। ਬਿਹਾਰ ਦੇ 1981 ਬੈਚ ਦੇ ਆਈਪੀਐਸ ਅਧਿਕਾਰੀ ਪ੍ਰਕਾਸ਼ ਐਤਵਾਰ ਨੂੰ ਸ਼ਹਿਰ ਦੇ ਪਾਸ਼ ਐਚਐਸਆਰ ਲੇਆਉਟ ਵਿੱਚ ਆਪਣੇ ਤਿੰਨ ਮੰਜ਼ਿਲਾ ਘਰ ਦੀ ਜ਼ਮੀਨੀ ਮੰਜ਼ਿਲ ’ਤੇ ਖੂਨ ਨਾਲ ਲਥਪਥ ਪਏ ਮਿਲੇ ਸਨ। ਸੂਤਰਾਂ ਅਨੁਸਾਰ, ਬਹਿਸ ਤੋਂ ਬਾਅਦ, ਪੱਲਵੀ ਨੇ ਪ੍ਰਕਾਸ਼ ਦੇ ਚਿਹਰੇ ’ਤੇ ਮਿਰਚ ਪਾਊਡਰ ਸੁੱਟ ਦਿਤਾ।

ਜਦੋਂ ਕਰਨਾਟਕ ਦੇ ਸਾਬਕਾ ਪੁਲਿਸ ਮੁਖੀ ਜਲਣ ਤੋਂ ਰਾਹਤ ਪਾਉਣ ਲਈ ਜੱਦੋ-ਜਹਿਦ ਕਰ ਰਹੇ ਸਨ, ਪੱਲਵੀ ਨੇ ਉਨ੍ਹਾਂ ’ਤੇ ਚਾਕੂ ਨਾਲ ਕਈ ਵਾਰ ਕੀਤੇ, ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਫਿਰ ਉਸ ਨੇ ਆਪਣੇ ਦੋਸਤ ਨੂੰ ਵੀਡੀਉ ਕਾਲ ਕੀਤੀ ਅਤੇ ਕਥਿਤ ਤੌਰ ’ਤੇ ਕਿਹਾ, ‘ਮੈਂ ਭੂਤ ਨੂੰ ਮਾਰ ਦਿਤਾ ਹੈ।’ ਸੂਤਰਾਂ ਅਨੁਸਾਰ, ਇਹ ਕਤਲ ਜੋੜੇ ਵਿਚਕਾਰ ਅਕਸਰ ਹੋਣ ਵਾਲੇ ਝਗੜਿਆਂ ਦਾ ਨਤੀਜਾ ਸੀ।

ਇਹ ਖੁਲਾਸਾ ਹੋਇਆ ਹੈ ਕਿ ਕਰਨਾਟਕ ਦੇ ਡਾਂਡੇਲੀ ਵਿਚ ਜ਼ਮੀਨ ਨਾਲ ਸਬੰਧਤ ਜਾਇਦਾਦ ਵਿਵਾਦ ਵੀ ਇਸ ਘਟਨਾ ਦੇ ਪਿੱਛੇ ਇਕ ਕਾਰਨ ਹੈ। ਕੁਝ ਮਹੀਨੇ ਪਹਿਲਾਂ, ਪੱਲਵੀ ਨੇ ਸ਼ਿਕਾਇਤ ਦਰਜ ਕਰਵਾਉਣ ਲਈ HSR ਲੇਆਉਟ ਪੁਲਿਸ ਸਟੇਸ਼ਨ ਤਕ ਪਹੁੰਚ ਕੀਤੀ ਸੀ। ਜਦੋਂ ਉੱਥੇ ਮੌਜੂਦ ਸਟਾਫ਼ ਨੇ ਉਸ ਦੀ ਗੱਲ ਨਹੀਂ ਸੁਣੀ ਤਾਂ ਉਸ ਨੇ ਥਾਣੇ ਦੇ ਸਾਹਮਣੇ ਧਰਨਾ ਲਗਾ ਦਿਤਾ ਸੀ।

ਇਹ ਵੀ ਖੁਲਾਸਾ ਹੋਇਆ ਹੈ ਕਿ ਪੱਲਵੀ ਸ਼ਾਈਜ਼ੋਫਰੀਨੀਆ ਤੋਂ ਪੀੜਤ ਸੀ ਅਤੇ ਦਵਾਈ ਵੀ ਲੈ ਰਹੀ ਸੀ। ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਕਿਹਾ ਕਿ ਇਕ ਵਿਸਤ੍ਰਿਤ ਜਾਂਚ ਨਾਲ ਕਰਨਾਟਕ ਦੇ ਸਾਬਕਾ ਡੀਜੀਪੀ ਓਮ ਪ੍ਰਕਾਸ਼ ਦੇ ਕਤਲ ਪਿੱਛੇ ਸੱਚਾਈ ਸਾਹਮਣੇ ਆਵੇਗੀ। ਹਾਲਾਂਕਿ, ਇਹ ਕਿਹਾ ਜਾ ਰਿਹਾ ਹੈ ਕਿ ਉਸ ਦੀ ਪਤਨੀ ਪੱਲਵੀ ਨੇ ਉਸ ਦਾ ਕਤਲ ਕੀਤਾ ਹੈ। ਜਦੋਂ ਕਤਲ ਦੇ ਕਾਰਨ ਬਾਰੇ ਪੁੱਛਿਆ ਗਿਆ ਤਾਂ ਪਰਮੇਸ਼ਵਰ ਨੇ ਕਿਹਾ ਕਿ ਉਸ ਨੂੰ ਕੋਈ ਸੁਰਾਗ ਨਹੀਂ ਹੈ ਅਤੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਜਾਂਚ ਅਧਿਕਾਰੀ ਨੇ ਅਜੇ ਤਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।