ਹਰਸਿਮਰਤ ਬਾਦਲ ਵੱਲੋਂ ਸਿੱਧੂ ਦੀ ‘ਝਾੜਝੰਬ’ ਹੋਣ ਦਾ ਦਾਅਵਾ

ਨਵੀਂ ਦਿੱਲੀ, 18 ਸਤੰਬਰ
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕੇਂਦਰੀ ਵਿਦੇਸ਼ ਮੰਤਰੀ ਨੂੰ ਇਸ ਸਬੰਧੀ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਅੱਗੇ ਵਧਾਉਣ ਲਈ ਕਿਹਾ। ਇਸ ਦੇ ਉਲਟ ਕੇਂਦਰੀ ਮੰਤਰੀ ਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੇ ਦਾਅਵਾ ਕੀਤਾ ਕਿ ਵਿਦੇਸ਼ ਮੰਤਰੀ ਨੇ ਕਰਤਾਰਪੁਰ ਲਾਂਘੇ ਦੇ ਮਾਮਲੇ ਨੂੰ ‘ਉਲਝਾਉਣ’ ਲਈ ਸ੍ਰੀ ਸਿੱਧੂ ਨੂੰ ‘ਫਟਕਾਰ’ ਲਗਾਈ ਹੈ। ਹਰਸਿਮਰਤ ਬਾਦਲ ਨੇ ਦੋਸ਼ ਲਾਇਆ ਕਿ ਨਵਜੋਤ ਸਿੱਧੂ ਨੇ ਪਾਕਿ ਪ੍ਰਧਾਨ ਮੰਤਰੀ ਦੇ ਤਾਜਪੋਸ਼ੀ ਸਮਾਗਮ ਵਿੱਚ ਜਾਣ ਦੀ ਮਿਲੀ ਇਜਾਜ਼ਤ ਦਾ ‘ਗਲਤ ਫਾਇਦਾ’ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪਾਕਿ ਫ਼ੌਜ ਮੁਖੀ ਨੂੰ ਗਲਵਕੜੀ ਪਾ ਕੇ ਕੈਬਨਿਟ ਮੰਤਰੀ ਨੇ ਫ਼ੌਜੀ ਜਵਾਨਾਂ ਦਾ ਅਪਮਾਨ ਕੀਤਾ ਹੈ ਤੇ ਇਸੇ ਲਈ ਉਨ੍ਹਾਂ ਦੀ ਵਿਦੇਸ਼ ਮੰਤਰੀ ਨੇ ‘ਝਾੜਝੰਬ’ ਕੀਤੀ ਹੈ।

ਬਾਜਵਾ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ
ਨਵੀਂ ਦਿੱਲੀ : ਕਾਂਗਰਸ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਪਾਕਿਸਤਾਨ ਸਰਕਾਰ ਨਾਲ ਡੇਰਾ ਬਾਬਾ ਨਾਨਕ-ਕਰਤਾਰਪੁਰ ਸਾਹਿਬ ਬਾਰੇ ਗੱਲ ਕਰਨ ਤਾਂ ਜੋ ਦੋਵਾਂ ਮੁਲਕਾਂ ਦਰਮਿਆਨ ਇਸ ਖਿੱਤੇ ਵਿੱਚ ਅਮਨ-ਸ਼ਾਂਤੀ ਦਾ ਮਾਹੌਲ ਬਣ ਸਕੇ। ਸ੍ਰੀ ਬਾਜਵਾ ਨੇ ਕਿਹਾ ਕਿ 8 ਦਸੰਬਰ 2011 ਨੂੰ ਉਨ੍ਹਾਂ ਨੇ ਲੋਕ ਸਭਾ ਵਿੱਚ ਵੀ ਇਹ ਮਾਮਲਾ ਉਠਾਇਆ ਸੀ ਕਿ ਸਿੱਖਾਂ ਨੂੰ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਲਈ ਪਾਕਿਸਤਾਨ ਦੀ ਹੱਦ ਉਪਰ ਕੌਰੀਡੋਰ ਬਣਾਇਆ ਜਾਣਾ ਚਾਹੀਦਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਜੀਵਨ ਦੇ 18 ਸਾਲ ਬਿਤਾਏ। ਉਨ੍ਹਾਂ ਸ੍ਰੀ ਮੋਦੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਜਿਵੇਂ 1962 ਦੌਰਾਨ ਭਾਰਤ ਨੇ ਭਗਤ ਸਿੰਘ ਤੇ ਸਾਥੀਆਂ ਦੇ ਅੰਤਿਮ ਸੰਸਕਾਰ ਵਾਲੀ ਥਾਂ ਬਦਲੇ ਫਾਜ਼ਿਲਕਾ ਦੇ ਇਲਾਕੇ ਪਾਕਿਸਤਾਨ ਨੂੰ ਦੇ ਕੇ ਇਸ ਜ਼ਮੀਨ ਦਾ ਤਬਾਦਲਾ ਕੀਤਾ ਸੀ। ਉਸੇ ਤਰ੍ਹਾਂ ਕਰਤਾਰਪੁਰ ਸਾਹਿਬ ਨੂੰ ਭਾਰਤੀ ਖੇਤਰ ਵਿੱਚ ਸ਼ਾਮਲ ਕਰਨ ਲਈ ਭਾਰਤੀ ਸਰਹੱਦ ਉਪਰ ਖਾਲੀ ਪਈ ਜ਼ਮੀਨ ਦਾ ਕੁਝ ਹਿੱਸਾ ਪਾਕਿਸਤਾਨ ਨੂੰ ਦੇ ਕੇ ਇਸ ਧਾਰਮਿਕ ਸਥਾਨ ਨੂੰ ਪੱਕੇ ਤੌਰ ’ਤੇ ਸ਼ਾਮਲ ਕਰ ਲਿਆ ਜਾਵੇ।