ਨਵੀਂ ਦਿੱਲੀ, 17 ਜੂਨ : ਸਿੱਖ ਆਟੋ ਡਰਾਈਵਰ ਸਰਬਜੀਤ ਸਿੰਘ ਤੇ ਉਸਦੇ ਨਾਬਾਲਗ ਲੜਕੇ ਦੀ ਕੁੱਟਮਾਰ ਵਿਚ ਸ਼ਾਮਲ ਸਾਰੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਅੱਜ ਹੀ ਕੇਸ ਦਰਜ ਕੀਤਾ ਜਾਵੇਗਾ। ਇਹ ਭਰੋਸਾ ਕਮਿਸ਼ਨ ਆਫ ਪੁਲਿਸ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਪ੍ਰਧਾਨ ਸz ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਉਹਨਾਂ ਨੂੰ ਮਿਲੇ ਵਫਦ ਨੂੰ ਦੁਆਇਆ ਹੈ।

   ਇਸ ਵਫਦ ਵਿਚ ਪੀੜਤ ਸਰਬਜੀਤ ਸਿੰਘ ਤੋਂ ਇਲਾਵਾ ਡੀ ਐਸ ਜੀ ਐਮ ਸੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਜੂਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਤੇ ਹੋਰ ਮੈਂਬਰ ਸ਼ਾਮਲ ਸਨ।

ਮੀਟਿੰਗ ਮਗਰੋਂ ਸ੍ਰੀ ਸਿਰਸਾ ਨੇ ਦੱਸਿਆ ਕਿ ਕਮਿਸ਼ਨਰ ਆਫ ਪੁਲਿਸ ਨੇ ਭਰੋਸਾ ਦੁਆਇਆ ਹੈ ਕਿ ਕਿਸੇ ਵੀ ਗੁਨਾਹਗਾਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਸਾਰੀ ਘਟਨਾ ਦੀ ਜਾਂਚ ਜੁਆਇੰਟ ਕਮਿਸ਼ਨਰ ਆਫ ਪੁਲਿਸ ਵੱਲੋਂ ਕੀਤ ਜਾਵੇਗੀ ਤੇ ਇਹ ਜ਼ਿਲੇ ਤੋਂ ਬਾਹਰ ਸਪੁਰਦ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਾਂਚ ਦੌਰਾਨ ਹਰ ਦੋਸ਼ੀ  ਤੇ ਉਸ ਵੱਲੋਂ ਕੀਤੇ ਗੁਨਾਹ ਦੀ ਸ਼ਨਾਖਤ ਕੀਤੀ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਸਰਬਜੀਤ ਸਿੰਘ ਤੇ ਉਸਦੇ ਪੁੱਤਰ ਖਿਲਾਫ ਧਾਰਾ 307 ਤਹਿਤ ਕੋਈ ਵੀ ਕੇਸ ਦਰਜ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਗੱਲ ਕਮਿਸ਼ਨਰ ਆਫ ਪੁਲਿਸ ਨੇ ਵਫਦ ਨੂੰ ਦੱਸੀ ਹੈ।

ਡੀ ਐਸ ਜੀ ਐਮ ਸੀ ਦੇ  ਪ੍ਰਧਾਨ ਨੇ ਦੱਸਿਆ ਕਿ  ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸz ਸੁਖਬੀਰ ਸਿੰਘ ਬਾਦਲ  ਖੁਦ ਕੇਸ ਦੀ ਨਿਗਰਾਨੀ ਕਰ ਰਹੇ ਹਨ ਅਤੇ ਉਹਨਾਂ ਨੇ ਹੀ ਵਫਦ ਨੂੰ ਕਮਿਸ਼ਨਰ ਆਫ ਪੁਲਿਸ ਨਾਲ ਮੁਲਾਕਾਤ ਕਰਨ ਦੀ ਹਦਾਇਤ ਕੀਤੀ ਸੀ। ਉਹਨਾਂ ਕਿਹਾ ਕਿ ਡੀ ਐਸ ਜੀ ਐਮ ਸੀ ਅਤੇ ਅਕਾਲੀ ਦਲ ਹਰ ਕਦਮ ਚੁੱਕਦਿਆਂ ?? ਯਕੀਨੀ ਬਣਾਉਣਗੇ ਕਿ ਸਰਬਜੀਤ ਸਿੰਘ ਤੇ ਉਸਦੇ ਪੁੱਤਰ ਨੂੰ ਨਿਆਂ ਮਿਲੇ ਅਤੇ ਸਾਰੇ ਦੋਸ਼ੀ ਪੁਲਿਸ ਵਾਲੇ ਕਾਨੂੰਨ ਅਨੁਸਾਰ ਸਜ਼ਾ ਭੁਗਤਣ। ਉਹਨਾਂ ਕਿਹਾ ਕਿ ਦੇਸ਼ ਭਰ ਵਿਚ ਸਿੱਖਾਂ ਦੀ ਸੁਰੱਖਿਆ ਦੇ ਮਾਮਲੇ ‘ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਇਸ ਵਾਸਤੇ ਅਸੀਂ ਕੰਮ ਕਰ ਰਹੇ ਹਾਂ।

ਇਥੇ ਦੱਸਣਯੋਗ ਹੈ ਕਿ ਡੀ ਐਸ ਜੀ ਐਮ ਸੀ ਦੇ ਪ੍ਰਧਾਨ ਨੇ  ਕੱਲ ਇਸ ਮੰਦਭਾਗੀ ਘਟਨਾ ਤੋਂ ਬਾਅਦ ਖੁਦ ਦੇਰ ਰਾਤ ਤੱਕ ਧਰਨੇ ਦੀ ਅਗਵਾਈ ਕੀਤੀ ਜਿਸ ਮਗਰੋਂ ਤਿੰਨ ਪੁਲਿਸ ਮੁਲਾਜ਼ਮ ਮੁਅੱਤਲ ਕੀਤੇ ਗਏ। ਸ੍ਰੀ ਸਿਰਸਾ ਨੇ ਕਿਹਾ ਕਿ ਸਿਰਫ ਤਿੰਨ ਹੀ ਨਹੀਂ  ਬਲਕਿ ਸਾਰੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਭੁਗਤਣੀ ਪਵੇਗੀ। ਉਹਨਾਂ ਕਿਹਾ ਕਿ ਵਫਦ ਅਤੇ ਸਰਬਜੀਤ ਸਿੰਘ ਕਮਿਸ਼ਨਰ ਆਫ ਪੁਲਿਸ ਵੱਲੋਂ ਦੁਆਏ ਭਰੋਸੇ ‘ਤੇ ਪੂਰੀ ਤਰਾਂ ਸੰਤੁਸ਼ਟ ਹਨ।