ਬਟਾਲਾ, 1 ਸਤੰਬਰ
30 ਅਗਸਤ ਨੂੰ ਕਬੱਡੀ ਖਿਡਾਰੀ ਗੁਰਮੇਜ ਸਿੰਘ ਵਾਸੀ ਪਿੰਡ ਭਗਵਾਨਪੁਰ ਦੇ ਕਤਲ ਕਾਂਡ ਵਿੱਚ ਸ਼ਾਮਲ 5 ਪੁਲੀਸ ਮੁਲਾਜ਼ਮਾਂ ਨੂੰ ਉੱਚ ਅਧਿਕਾਰੀਆਂ ਵੱਲੋਂ ਵਿਭਾਗ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਕਤਲ ਕਾਂਡ ਸਬੰਧੀ ਬਟਾਲਾ ਪੁਲੀਸ ਨੇ 6 ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਨ੍ਹਾਂ ਮੁਲਜ਼ਮਾਂ ਵਿੱਚੋਂ 5 ਪੁਲੀਸ ਵਿਭਾਗ ਦੇ ਮੁਲਾਜ਼ਮ ਸਨ। ਐੱਸਐੱਸਪੀ ਬਟਾਲਾ ਰਛਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਪੁਲੀਸ ਮੁਖੀ ਦੀਆਂ ਹਦਾਇਤਾਂ ਤਹਿਤ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਹੌਲਦਾਰ ਬਲਕਾਰ ਸਿੰਘ ਵਾਸੀ ਪਿੰਡ ਕਾਲਾ ਬਾਲਾ ਅਤੇ ਹੌਲਦਾਰ ਸੁਰਿੰਦਰਪਾਲ ਸਿੰਘ ਵਾਸੀ ਮੱਲੀਆਂ ਕਲਾਂ ਜੋ ਮੁੱਖ ਮੰਤਰੀ ਸੁਰੱਖਿਆ ਵਿੱਚ ਤਾਇਨਾਤ ਸੀ, ਨੂੰ ਪੁਲੀਸ ਵਿਭਾਗ ਵਿੱਚ ਹੁੰਦੇ ਹੋਏ ਅਜਿਹੀ ਅਨੁਸ਼ਾਸ਼ਨਹੀਣਤਾ ਅਤੇ ਲਾਪ੍ਰਵਾਹੀ ਕਾਰਨ ਪੁਲੀਸ ਵਿਭਾਗ ਵਿੱਚੋਂ ਬਰਖਾਸਤ ਕਰ ਦਿੱਤਾ ਹੈ। ਇਸੇ ਤਰ੍ਹਾਂ ਬਾਕੀ ਮੁਲਜ਼ਮਾਂ ਹੌਲਦਾਰ ਅਵਤਾਰ ਸਿੰਘ ਅੰਮ੍ਰਿਤਸਰ ਸਿਟੀ, ਏਐੱਸਆਈ ਰਣਜੀਤ ਸਿੰਘ ਅੰਮ੍ਰਿਤਸਰ ਸਿਟੀ, ਏਐੱਸਆਈ ਬਲਜੀਤ ਸਿੰਘ ਅੰਮ੍ਰਿਤਸਰ ਸਿਟੀ ਨੂੰ ਵੀ ਕਮਿਸ਼ਨਰ ਪੁਲੀਸ, ਅੰਮ੍ਰਿਤਸਰ ਵੱਲੋਂ ਬਰਖਾਸਤ ਕਰ ਦਿੱਤਾ ਗਿਆ ਹੈ।