ਮੋਗਾ, 5 ਸਤੰਬਰ

ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਅੱਜ ਪਿੰਡ ਤਾਰੇਵਾਲਾ ਨਵਾਂ ’ਚ ਮੁਸਲਿਮ ਕਬਰਿਸਤਾਨ ਵਾਲੀ ਜਗ੍ਹਾ ਦਾ ਦੌਰਾ ਕੀਤਾ ਤੇ ਮੁਸਲਿਮ ਭਾਈਚਾਰੇ ਦੀਆਂ ਮੁਸ਼ਕਲਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਮੁਸਲਿਮ ਭਾਈਚਾਰੇ ਦੀਆਂ ਸਮੱਸਿਆਵਾਂ ਸਬੰਧੀ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨਗੇ।

ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਚਿਰਾਗਦੀਨ ਤੇ ਸਾਥੀਆਂ ਨੇ ਦੱਸਿਆ ਕਿ ਪਿੰਡ ਵਿੱਚ ਕਬਰਿਸਤਾਨ ਦੀ 6 ਕਨਾਲ ਜਗ੍ਹਾ ਹੈ, ਜਿਸ ’ਚੋਂ ਲਗਪਗ 2 ਕਨਾਲ ਜਗ੍ਹਾ ਹੀ ਕਬਰਿਸਤਾਨ ਲਈ ਬਚੀ ਹੈ। ਇਸ ਤੋਂ ਇਲਾਵਾ ਕਬਰਿਸਤਾਨ ਨੂੰ ਜਾਣ ਲਈ ਕੋਈ ਰਸਤਾ ਵੀ ਨਹੀਂ ਬਚਿਆ। ਇਸ ਸਬੰਧੀ 23 ਅਗਸਤ ਨੂੰ ‘ਪੰਜਾਬੀ ਟ੍ਰਿਬਿਊਨ’ ਵਿੱਚ ਖ਼ਬਰ ਵੀ ਛਾਪੀ ਗਈ ਸੀ।

ਇਸ ਦੌਰਾਨ ਮੁਸਲਿਮ ਭਲਾਈ ਯੁਵਾ ਵੈੱਲਫੇਅਰ ਕਲੱਬ ਦੇ ਪ੍ਰਧਾਨ ਅਮਜ਼ਦ ਹੁਸੈਨ ਖਾਨ ਨੇ ਦੱਸਿਆ ਕਿ ਉਨ੍ਹਾਂ ਏਡੀਸੀ ਅਨੀਤਾ ਦਰਸ਼ੀ ਅਤੇ ਬੀਡੀਪੀਓ ਤੋਂ ਇਲਾਵਾ ਹਲਕਾ ਵਿਧਾਇਕ ਅਮਨਦੀਪ ਕੌਰ ਅਰੋੜਾ ਨੂੰ ਵੀ ਇਸ ਸਬੰਧੀ ਜਾਣੂ ਕਰਵਾਇਆ ਪਰ ਹਾਲੇ ਤੱਕ ਸਮੱਸਿਆ ਹੱਲ ਨਹੀਂ ਹੋਈ। ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਪੰਜਾਬ ਭਰ ’ਚ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸਬੰਧੀ ਜਲਦੀ ਹੀ ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰ ਕੇ ਭਾਈਚਾਰੇ ਨੂੰ ਆ ਰਹੀਆਂ ਸਮੱਸਿਆਵਾਂ ਹੱਲ ਕਰਵਾਉਣਗੇ।