ਮਾਸਕੋ, 7 ਜਨਵਰੀ
ਕਜ਼ਾਖਸਤਾਨ ’ਚ ਸਰਕਾਰੀ ਇਮਾਰਤਾਂ ’ਤੇ ਹਮਲਿਆਂ ’ਚ ਦਰਜਨਾਂ ਪ੍ਰਦਰਸ਼ਨਕਾਰੀ ਮਾਰੇ ਗਏ ਹਨ ਤੇ ਘੱਟੋ-ਘੱਟ 12 ਪੁਲੀਸ ਮੁਲਾਜ਼ਮਾਂ ਦੀ ਮੌਤ ਹੋਈ ਹੈ ਜਿਨ੍ਹਾਂ ’ਚੋਂ ਇੱਕ ਅਧਿਕਾਰੀ ਦਾ ਸਿਰ ਵੱਢ ਦਿੱਤਾ ਗਿਆ ਹੈ।
ਪੁਲੀਸ ਦੇ ਬੁਲਾਰੇ ਸਲਤਨਤ ਆਜ਼ਿਰਬੇਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਅਲਮਾਟੀ ’ਚ ਰਾਤ ਨੂੰ ਇਮਾਰਤਾਂ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੌਰਾਨ ਦਰਜਨਾਂ ਹਮਲਾਵਰ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨ ਸ਼ਹਿਰ ’ਚ ਵੱਡੇ ਪੱਧਰ ’ਤੇ ਰੋਸ ਮੁਜ਼ਾਹਰਿਆਂ ਮਗਰੋਂ ਇਮਾਰਤਾਂ ’ਤੇ ਹਮਲਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਨ੍ਹਾਂ ’ਚ ਮੇਅਰ ਦੀ ਇਮਾਰਤ ’ਤੇ ਕਬਜ਼ਾ ਕਰਨਾ ਵੀ ਸ਼ਾਮਲ ਹੈ। ਮੀਡੀਆ ਨੇ ਸ਼ਹਿਰ ਦੇ ਕਮਾਂਡੈਂਟ ਦਫ਼ਤਰ ਦੇ ਹਵਾਲੇ ਨਾਲ ਅੱਜ ਦੱਸਿਆ ਕਿ ਇਨ੍ਹਾਂ ਰੋਸ ਮੁਜ਼ਾਹਰਿਆਂ ’ਚ 12 ਪੁਲੀਸ ਅਧਿਕਾਰੀਆਂ ਦੀ ਮੌਤ ਹੋਣ ਤੋਂ ਇਲਾਵਾ 353 ਸੁਰੱਖਿਆ ਪ੍ਰਬੰਧਾਂ ਨਾਲ ਸਬੰਧਤ ਅਫਸਰ ਜ਼ਖ਼ਮੀ ਹੋਏ ਹਨ। ਤਿੰਨ ਦਹਾਕੇ ਪਹਿਲਾਂ ਆਜ਼ਾਦੀ ਮਿਲਣ ਮਗਰੋਂ ਕਜ਼ਾਖਸਤਾਨ ਸਭ ਤੋਂ ਭਿਆਨਕ ਰੋਸ ਮੁਜ਼ਾਹਰਿਆਂ ਦਾ ਸਾਹਮਣਾ ਕਰ ਰਿਹਾ ਹੈ। ਰੂਸ ਦੀ ਅਗਵਾਈ ਵਾਲੇ ਗੱਠਜੋੜ ‘ਸਾਂਝੀ ਸੁਰੱਖਿਆ ਸਮਝੌਤਾ ਸੰਗਠਨ’ ਨੇ ਅੱਜ ਕਿਹਾ ਕਿ ਉਹ ਰਾਸ਼ਟਰਪਤੀ ਕਾਸਿਮ ਜੋਮਾਰਤ ਤੋਕਾਯੇਵ ਦੇ ਕਹਿਣ ’ਤੇ ਆਪਣੇ ਸ਼ਾਂਤੀ ਦਸਤੇ ਭੇਜੇਗਾ। ਜ਼ਿਕਰਯੋਗ ਹੈ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ’ਚ ਹੋਏ ਜ਼ਬਰਦਸਤ ਵਾਧੇ ਕਾਰਨ ਲੰਘੇ ਐਤਵਾਰ ਸ਼ੁਰੂ ਹੋਏ ਰੋਸ ਮੁਜ਼ਾਹਰਿਆਂ ਨੇ ਕਜ਼ਾਖਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੇਸ਼ ਦੇ ਪੱਛਮ ’ਚ ਸ਼ੁਰੂ ਹੋੲੇ ਇਹ ਰੋਸ ਮੁਜ਼ਾਹਰੇ ਅਲਮਾਟੀ ਤੇ ਰਾਜਧਾਨੀ ਨੂਰ ਸੁਲਤਾਨ ਤੱਕ ਫੈਲ ਗਏ ਹਨ।