ਨਵੀਂ ਦਿੱਲੀ, 14 ਨਵੰਬਰ

ਦਿੱਲੀ ਵਿੱਚ ਇੱਕ ਨੌਜਵਾਨ ਨੇ ਆਪਣੇ ਨਾਲ ਲਿਵ-ਇਨ ਰਿਲੇਸ਼ਨ ਵਿੱਚ ਰਹਿ ਰਹੀ 29 ਸਾਲਾ ਔਰਤ ਦੀ ਕਥਿਤ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੇ ਸਰੀਰ ਦੇ 35 ਟੁਕੜੇ ਕਰ ਕੇ ਇਨ੍ਹਾਂ ਨੂੰ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਸੁੱਟ ਦਿੱਤਾ। ਅਜਿਹਾ ਕਰਨ ਤੋਂ ਪਹਿਲਾਂ ਉਸ ਨੇ ਲਾਸ਼ ਨੂੰ 20 ਦਿਨ ਫਰਿੱਜ ਵਿੱਚ ਰੱਖੀਂ ਰੱਖਿਆ। ਇਹ ਘਟਨਾ ਮਈ ਮਹੀਨੇ ਦੀ ਹੈ। ਇਸ ਕਤਲ ਦੇ ਦਿਲ ਦਹਿਲਾਊ ਵੇਰਵੇ ਛੇ ਮਹੀਨਿਆਂ ਮਗਰੋਂ ਸਾਹਮਣੇ ਆਏ ਹਨ।

ਪੁਲੀਸ ਨੇ ਇਸ ਮਾਮਲੇ ਵਿੱਚ ਮੁੰਬਈ ਦੇ ਆਫ਼ਤਾਬ ਪੂਨਾਵਾਲਾ (28) ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਮ੍ਰਿਤਕ ਸ਼ਰਧਾ ਵਾਕਰ ਦੇ ਸਰੀਰ ਦੇ ਕੁੱਝ ਕੱਟੇ ਹੋਏ ਅੰਗ ਬਰਾਮਦ ਕੀਤੇ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਵਾਰਦਾਤ ਸਮੇਂ ਵਰਤੇ ਗਏ ਹਥਿਆਰ ਦਾ ਅਜੇ ਪਤਾ ਨਹੀਂ ਲੱਗ ਸਕਿਆ।