ਬੰਗਲੌਰ, 19 ਮਾਰਚ
ਭਾਰਤ ਦੇ ਹਮਲਾਵਰ ਮਿੱਡਫੀਲਡਰ ਰਾਜਕੁਮਾਰ ਪਾਲ ਨੇ ਕਿਹਾ ਕਿ ਉਹ ਓਲੰਪਿਕ ਜਾਣ ਵਾਲੀ ਭਾਰਤੀ ਟੀਮ ਵਿੱਚ ਥਾਂ ਬਣਾਉਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਓਲੰਪਿਕ ਖੇਡਾਂ ਜਾਪਾਨ ਦੇ ਸ਼ਹਿਰ ਟੋਕੀਓ ਵਿੱਚ ਹੋਣੀਆਂ ਹਨ। ਉੱਤਰ ਪ੍ਰਦੇਸ਼ ਦੇ 21 ਸਾਲ ਦੇ ਖਿਡਾਰੀ ਨੇ ਫਰਵਰੀ ਵਿੱਚ ਐੱਫਆਈਐੱਚ ਹਾਕੀ ਪ੍ਰੋ-ਲੀਗ ਵਿੱਚ ਵਿਸ਼ਵ ਚੈਂਪੀਅਨ ਬੈਲਜੀਅਮ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
ਉਸ ਨੇ ਕਿਹਾ, ‘‘ਮੈਂ ਸਾਲ 2010 ਵਿੱਚ ਸਾਈ ਸਪੋਰਟਸ ਹੋਸਟਲ ਨਾਲ ਜੁੜਿਆ, ਪਰ ਸਾਲ 2011 ਵਿੱਚ ਮੇਰੇ ਪਿਤਾ ਦਾ ਦੇਹਾਂਤ ਹੋ ਗਿਆ। ਮੈਨੂੰ ਖੇਡ ਛੱਡਣੀ ਪਈ ਕਿਉਂਕਿ ਮੇਰੀ ਮਾਂ ਇਕੱਲੀ ਸੀ। ਮੇਰੇ ਭਰਾ ਵੀ ਘਰ ਤੋਂ ਦੂਰ ਸਨ।’’ ਉਸ ਨੇ ਕਿਹਾ, ‘‘…ਪਰ ਆਪਣੀ ਮਾਂ ਦੇ ਕਹਿਣ ’ਤੇ ਮੈਂ 2012 ਵਿੱਚ ਮੁੜ ਸਾਈ ਸਪੋਰਟਸ ਹੋਸਟਲ ਗਿਆ।” ਪਾਲ ਨੇ ਕਿਹਾ, “ਹੁਣ ਮੇਰਾ ਟੀਚਾ ਟੀਮ ਨੂੰ ਸੌ ਫ਼ੀਸਦੀ ਦੇਣਾ ਅਤੇ ਓਲੰਪਿਕ ਟੀਮ ਵਿੱਚ ਥਾਂ ਬਣਾਉਣਾ ਹੈ। ਬੈਲਜੀਅਮ ਵਰਗੀ ਵਿਸ਼ਵ ਚੈਂਪੀਅਨ ਟੀਮ ਖ਼ਿਲਾਫ਼ ਪਹਿਲਾ ਮੈਚ ਖੇਡਣਾ ਮੇਰੇ ਲਈ ਵਡਮੁੱਲਾ ਮੌਕਾ ਸੀ ਅਤੇ ਮੈਂ ਉਮੀਦਾਂ ’ਤੇ ਖਰਾ ਉਤਰਨਾ ਚਾਹੁੰਦਾ ਸੀ।’’