ਬੰਗਲੌਰ, 23 ਜਨਵਰੀ
ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਅੱਜ ਕਿਹਾ ਕਿ ਨਿਊਜ਼ੀਲੈਂਡ ਅਤੇ ਬ੍ਰਿਟੇਨ ਵਰਗੀਆਂ ਉੱਚੇ ਦਰਜੇ ਵਾਲੀਆਂ ਟੀਮਾਂ ਖ਼ਿਲਾਫ਼ ਅਗਲੇ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਓਲੰਪਿਕ ਦੀ ਬਿਹਤਰ ਤਿਆਰੀ ਸਾਬਤ ਹੋਵੇਗਾ। ਰਾਣੀ ਨੇ ਇਸ ਸੈਸ਼ਨ ਦੇ ਪਹਿਲੇ ਗੇੜ ਲਈ ਆਕਲੈਂਡ ਰਵਾਨਾ ਹੋਣ ਤੋਂ ਪਹਿਲਾਂ ਇਹ ਗੱਲ ਕਹੀ। ਭਾਰਤੀ ਟੀਮ ਨਿਊਜ਼ੀਲੈਂਡ ਖ਼ਿਲਾਫ਼ ਚਾਰ ਮੈਚ ਅਤੇ ਬ੍ਰਿਟੇਨ ਖ਼ਿਲਾਫ਼ ਇੱਕ ਮੈਚ ਖੇਡੇਗੀ। ਰਾਣੀ ਨੇ ਕਿਹਾ, ‘‘ਅਸੀਂ ਨਿਊਜ਼ੀਲੈਂਡ (ਰੈਂਕਿੰਗ ਛੇ) ਅਤੇ ਬ੍ਰਿਟੇਨ (ਰੈਂਕਿੰਗ ਪੰਜ) ਵਰਗੀਆਂ ਟੀਮਾਂ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ। ਇਸ ਨਾਲ ਓਲੰਪਿਕ ਦੀਆਂ ਤਿਆਰੀਆਂ ਮਜ਼ਬੂਤ ਹੋਣਗੀਆਂ। ਮੁਸ਼ਕਲ ਟੀਮਾਂ ਖ਼ਿਲਾਫ਼ ਚੰਗੀ ਸ਼ੁਰੂਆਤ ਕਾਫ਼ੀ ਮਾਅਨੇ ਰੱਖਦੀ ਹੈ।’’ ਭਾਰਤ ਨੇ ਨਿਊਜ਼ੀਲੈਂਡ ਦੀ ਦੂਜੇ ਦਰਜੇ ਦੀ ਟੀਮ ਨਾਲ 25 ਜਨਵਰੀ ਨੂੰ ਖੇਡਣਾ ਹੈ। ਇਸ ਮਗਰੋਂ 27 ਅਤੇ 29 ਜਨਵਰੀ ਨੂੰ ਨਿਊਜ਼ੀਲੈਂਡ ਦੀ ਕੌਮੀ ਟੀਮ ਖ਼ਿਲਾਫ਼ ਅਤੇ ਫਿਰ ਚਾਰ ਫਰਵਰੀ ਨੂੰ ਬ੍ਰਿਟੇਨ ਖ਼ਿਲਾਫ਼ ਮੈਚ ਖੇਡਣੇ ਹਨ। ਰਾਣੀ ਨੇ ਕਿਹਾ ਕਿ ਵਿਸ਼ਲੇਸ਼ਕ ਕੋਚ ਯਾਨੈੱਕ ਸ਼ੋਪਮੈਨ ਦੀ ਮੁਹਾਰਤਾ ਦਾ ਟੀਮ ਨੂੰ ਫ਼ਾਇਦਾ ਮਿਲ ਰਿਹਾ ਹੈ। ਉਸ ਨੇ ਕਿਹਾ, ‘‘ਇਹ ਸ਼ਾਨਦਾਰ ਹੈ ਕਿ ਉਹ ਸਾਡੇ ਕੈਂਪ ਨਾਲ ਜੁੜੀ। ਉਸ ਨੂੰ ਸਾਡੀ ਟੀਮ ਬਾਰੇ ਕਾਫ਼ੀ ਕੁੱਝ ਪਤਾ ਹੈ ਅਤੇ ਉਸ ਨਾਲ ਕੰਮ ਕਰਕੇ ਉਤਸ਼ਾਹਿਤ ਹਾਂ।’’