ਨਵੀਂ ਦਿੱਲੀ, 20 ਸਤੰਬਰ
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਸੰਸਦ ਮੈਂਬਰਾਂ ਨੂੰ ਕਾਨੂੰਨ ਬਣਾਉਣ ਮੌਕੇ ਸਾਰਥਕ ਤੇ ਹਾਂ-ਪੱਖੀ ਚਰਚਾ ਵਿੱਚ ਹਿੱਸਾ ਲੈਣ ਅਤੇ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਲਈ ਦੇਸ਼ ਵਾਸੀਆਂ ਦੇ ਸੁਫ਼ਨਿਆਂ ਤੇ ਉਮੀਦਾਂ ’ਤੇ ਖਰਾ ਉਤਰਨ ਦੀ ਅਪੀਲ ਕੀਤੀ। ਉਹ ਇੱਥੇ ਸੰਸਦ ਦੇ ਕੇਂਦਰੀ ਹਾਲ ਵਿੱਚ ਕਰਵਾਏ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਦੇਸ਼ ਵਾਸੀ ਨਵੀਆਂ ਆਸਾਂ ਨਾਲ ਸਾਨੂੰ ਅੱਗੇ ਵਧਦਾ ਦੇਖ ਰਹੇ ਹਨ ਕਿਉਂਕਿ ਅਸੀਂ ਇਸ ਸੁਫ਼ਨੇ ਨੂੰ ਲੈ ਕੇ ਚੱਲ ਰਹੇ ਹਾਂ ਅਤੇ ਸਾਨੂੰ ਉਨ੍ਹਾਂ ਦੀਆਂ ਉਮੀਦਾਂ ਪੂਰਾ ਕਰਨ ’ਚ ਮਦਦ ਕਰਨੀ ਚਾਹੀਦੀ ਹੈ।’’ ਉਨ੍ਹਾਂ ਕਿਹਾ, ‘‘ਸਾਰਥਕ ਤੇ ਹਾਂ-ਪੱਖੀ ਚਰਚਾ ਹੋਣੀ ਚਾਹੀਦੀ ਹੈ ਤਾਂ ਕਿ ਸੰਸਦ ਸਾਡੇ ਦੇਸ਼ ਨੂੰ ਬਹੁਤ ਜ਼ਿਆਦਾ ਸਮਰੱਥ ਅਤੇ ਖੁਸ਼ਹਾਲ ਬਣਾ ਕੇ ਵਿਕਸਤ ਮੁਲਕ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਸਕੇ।’’ ਬਿਰਲਾ ਨੇ ਕਿਹਾ ਕਿ ਸੰਸਦੀ ਜਮਹੂਰੀਅਤ ਦੀ 75 ਸਾਲਾਂ ਦੀ ਸ਼ਾਨਦਾਰ ਯਾਤਰਾ ਦੌਰਾਨ ਕਈ ਕ੍ਰਾਂਤੀਕਾਰੀ ਬਦਲਾਅ ਦੇਖਣ ਨੂੰ ਮਿਲੇ ਹਨ।