ਨਵੀਂ ਦਿੱਲੀ, 8 ਦਸੰਬਰ

ਮੁਲਕ ਵਿੱਚ ਕਰੋਨਾ ਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਮਾਮਲੇ ਸਾਹਮਣੇ ਆਉਣ ਕਾਰਨ ਵਧੀ ਚਿੰਤਾ ਵਿਚਾਲੇ ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਬੁੱਧਵਾਰ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਵਾਇਰਸ ਦੇ ਇਸ ਨਵੇਂ ਸਰੂਪ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਸਿਰਫ ਨਿਰਧਾਰਤ ਕੋਵਿਡ ਹਸਪਤਾਲਾਂ ਦੇ ਇਕਾਂਤਵਾਸ ਵਾਰਡ ਵਿੱਚ ਹੀ ਕੀਤਾ ਜਾਵੇ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਪੱਤਰ ਵਿੱਚ ਕਿਹਾ ਹੈ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਇਨ੍ਹਾਂ ਹਸਪਤਾਲਾਂ ਵਿੱਚ ਸਿਹਤ ਮੁਲਾਜ਼ਮ ਬਚਾਅ ਦੇ ਲੋੜੀਂਦੇ ਤਰੀਕੇ ਅਪਣਾਉਣ ਤਾਂ ਜੋ ਮਰੀਜ਼ ਤੋਂ ਹੋਰਨਾਂ ਲੋਕਾਂ ਨੂੰ ਲਾਗ ਫੈਲਣ ਦਾ ਖ਼ਤਰਾ ਨਾ ਰਹੇ। ਉਨ੍ਹਾਂ ਸੂਬਿਆਂ ਨੂੰ ਇਹ ਵੀ ਯਕੀਨੀ ਬਣਾਉਣ ਦਾ ਸੁਝਾਅ ਦਿੱਤਾ ਹੈ ਕਿ ਪੀੜਤ ਕੌਮਾਂਤਰੀ ਯਾਤਰੀਆਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੇ ਨਮੂਨੇ ਜੀਨੋਮ ਸੀਕੁਐਂਸਿੰਗ ਲਈ ਲੈਬਾਰਟਰੀ ਭੇਜੇ ਜਾਣ ਅਤੇ ਸਮੇਂ ਸਮੇਂ ’ਤੇ ਉਨ੍ਹਾਂ ਦੀ ਸਮੀਖਿਆ ਕੀਤੀ ਜਾਵੇ।