ਗਲਾਸਗੋ, 9 ਨਵੰਬਰ

ਗਲਾਸਗੋ (ਯੂਕੇ) ਵਿਚ ਹੋਏ ਜਲਵਾਯੂ ਸੰਮੇਲਨ ਦੌਰਾਨ ਫ਼ੈਸਲਾਕੁਨ ਕਦਮ ਚੁੱਕਣ ਦੇ ਵਧੇ ਦਬਾਅ ਦੇ ਮੱਦੇਨਜ਼ਰ ਅੱਜ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਰੀਬ 200 ਸਰਕਾਰਾਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਕਾਰਬਨ ਨਿਕਾਸੀ ’ਚ ਕਟੌਤੀ ਤੇ ਨੁਕਸਾਨ ਨਾਲ ਨਜਿੱਠਣ ਲਈ ਵੱਡੇ ਟੀਚੇ ਰੱਖੇ ਜਾਣ। 

ਜ਼ਿਕਰਯੋਗ ਹੈ ਕਿ 2015 ਵਿਚ ਪੈਰਿਸ ਜਲਵਾਯੂ ਸਮਝੌਤਾ ਸਿਰੇ ਚੜ੍ਹਾਉਣ ਵਿਚ ਓਬਾਮਾ ਨੇ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਸੀ। ਉਸ ਵੇਲੇ ਮੁਲਕਾਂ ਨੇ ਜੈਵਿਕ ਈਂਧਨ ਘਟਾਉਣ ਤੇ ਖੇਤੀਬਾੜੀ ਨਾਲ ਜੁੜੀ ਨਿਕਾਸੀ ਵਿਚ ਕਟੌਤੀ ਕਰਨ ਉਤੇ ਸਹਿਮਤੀ ਜਤਾਈ ਸੀ ਤਾਂ ਕਿ ਧਰਤੀ ਦੀ ਵੱਧ ਰਹੀ ਤਪਸ਼ ਨੂੰ ਰੋਕਿਆ ਜਾ ਸਕੇ। ਓਬਾਮਾ ਤੋਂ ਬਾਅਦ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੈਰਿਸ ਸਮਝੌਤੇ ਤੋਂ ਹੱਥ ਪਿਛਾਂਹ ਖਿੱਚ ਲਏ ਸਨ ਤੇ ਜਲਵਾਯੂ ਸੰਮੇਲਨ ਉਸ ਤੋਂ ਬਾਅਦ ਕਿਸੇ ਨਤੀਜੇ ਉਤੇ ਨਹੀਂ ਪਹੁੰਚ ਸਕੇ। ਰਾਸ਼ਟਰਪਤੀ ਜੋਅ ਬਾਇਡਨ ਮੁੜ ਇਸ ਸਮਝੌਤੇ ਦਾ ਹਿੱਸਾ ਬਣ ਗਏ ਹਨ। ਪ੍ਰਸ਼ਾਂਤ ਮਹਾਸਾਗਰ ਵਿਚਲੇ ਟਾਪੂ ਮੁਲਕਾਂ ਦੇ ਇਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਓਬਾਮਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਯੋਗਦਾਨ ਦੇਣਾ ਪਵੇਗਾ, ਕੰਮ ਕਰਨ ਪਏਗਾ ਤੇ ਕੁਝ ਕੁਰਬਾਨੀਆਂ ਵੀ ਕਰਨੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਤਾਪਮਾਨ ਵੱਧ ਰਿਹਾ ਹੈ ਸਮੁੰਦਰ ਦਾ ਪੱਧਰ ਖ਼ਤਰਨਾਕ ਤਰੀਕੇ ਨਾਲ ਵੱਧ ਰਿਹਾ ਹੈ।