ਓਨਟਾਰੀਓ – ਇਟੋਬੀਕੋ ‘ਚ ਡੌਨ ਬੌਸਕੋ ਕੈਥੋਲਿਕ ਸੈਕੰਡਰੀ ਸਕੂਲ ਦੀ ਇਮਾਰਤ ਦੇ ਸਾਹਮਣੇ ਖੜ੍ਹੇ ਹੋ ਕੇ ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਲੀਡਰਸ਼ਿਪ ਉਮੀਦਵਾਰ ਡੱਗ ਫੋਰਡ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਪਾਰਟੀ ਆਪਣਾ ਲੀਡਰ ਚੁਣਦੀ ਹੈ ਅਤੇ ਫਿਰ ਉਹ ਓਨਟਾਰੀਓ ਦੇ ਪ੍ਰੀਮੀਅਰ ਬਣਦੇ ਹਨ ਤਾਂ ਉਹ ਓਨਟਾਰੀਓ ਦੇ ਸੈਕਸ ਐਜੂਕੇਸ਼ਨ ਪ੍ਰੋਗਰਾਮ ਦਾ ਮੁਲਾਂਕਣ ਕਰਵਾਉਣ ਦਾ ਯਤਨ ਕਰਨਗੇ।
ਸੋਮਵਾਰ ਦੁਪਹਿਰ ਨੂੰ ਉਨ੍ਹਾਂ ਆਪਣੇ ਸਮਰਥਕਾਂ ਨਾਲ ਗੱਲ ਕਰਦਿਆਂ ਕਿਹਾ ਕਿ ਸੈਕਸ ਐਜੂਕੇਸ਼ਨ ਪ੍ਰੋਗਰਾਮ ਤੱਥਾਂ ‘ਤੇ ਅਧਾਰਿਤ ਹੋਣਾ ਚਾਹੀਦਾ ਹੈ ਨਾ ਕਿ ਉਦਾਰਵਾਦੀ ਵਿਚਾਰਧਾਰਾ ਦੀ ਸਿੱਖਿਆ ਦੇਣ ਨਾਲ ਇਸ ਦਾ ਕੋਈ ਸਬੰਧ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਜਾਣੀ ਮਾਪੇ ਆਪਣੇ ਬੱਚਿਆਂ ਨੂੰ ਕੀ ਸਿਖਾਉਣਾ ਚਾਹੁੰਦੇ ਹਨ ਇਹ ਉਨ੍ਹਾਂ ‘ਤੇ ਨਿਰਭਰ ਕਰਨਾ ਚਾਹੀਦਾ ਹੈ। ਫੋਰਡ ਨੇ ਪ੍ਰੋਵਿੰਸ ਦੇ ਵਿਵਾਦਗ੍ਰਸਤ ਸੈਕਸ ਐਜੂਕੇਸ਼ਨ ਪ੍ਰੋਗਰਾਮ, ਜੋ ਕਿ ਪਹਿਲੀ ਜਮਾਤ ਤੋਂ 12 ਤੱਕ ਲਾਗੂ ਕੀਤਾ ਗਿਆ ਹੈ, ਦਾ ਹਵਾਲਾ ਦਿੰਦਿਆਂ ਆਖਿਆ। ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਆਪਣੀ ਜਿਨਸੀ ਸਥਿਤੀ, ਸੈਕਸਟਿੰਗ ਅਤੇ ਹੋਰਨਾਂ ਵਿਸ਼ਿਆਂ ਤੋਂ ਇਲਾਵਾ ਸਹਿਮਤੀ ਬਾਰੇ ਸਿੱਖਣ ਨੂੰ ਮਿਲਦਾ ਹੈ।
ਇਸ ਸਲੈਬਸ ‘ਚ ਕੀਤੀਆਂ ਗਈਆਂ ਤਬਦੀਲੀਆਂ ਨਾਲ ਕੁੱਝ ਮਾਪਿਆਂ ਨੂੰ ਇਤਰਾਜ਼ ਸੀ ਅਤੇ ਉਨ੍ਹਾਂ ਆਪਣੇ ਬੱਚਿਆਂ ਨੂੰ ਸਕੂਲ ਤੋਂ ਬਾਹਰ ਕਰਕੇ ਇਸ ਦਾ ਵਿਰੋਧ ਵੀ ਕੀਤਾ ਸੀ। ਫੋਰਡ ਨੇ ਕਿਹਾ ਕਿ ਮਾਪਿਆਂ ਨਾਲ ਇਸ ਵਿਸ਼ੇ ‘ਤੇ ਕੀਤੀ ਗਈ ਸਲਾਹ ਨਾਮਾਤਰ ਸੀ। ਪੀ. ਸੀ. ਪਾਰਟੀ ਦੇ ਸਾਬਕਾ ਆਗੂ ਪੈਟਰਿੱਕ ਬ੍ਰਾਊਨ ਨੇ ਆਪਣੇ ਹੀ ਮੈਂਬਰਾਂ ਨਾਲ ਇਸ ਵਿਸ਼ੇ ‘ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸਿਰਫ ਇਸ ਵਿਸ਼ੇ ‘ਤੇ ਗੱਲ ਇੱਥੇ ਹੀ ਠੱਪ ਹੋ ਗਈ।
2016 ‘ਚ ਬ੍ਰਾਊਨ ਨੂੰ ਉਸ ਸਮੇਂ ਵੀ ਸਖ਼ਤ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਉਨ੍ਹਾਂ ਦੀ ਪਾਰਟੀ ਦੇ ਹੀ ਮੈਂਬਰਾਂ ਨੇ ਨਵੇਂ ਪ੍ਰੋਗਰਾਮ ਬਾਰੇ ਉਸ ਨੂੰ ਆਪਣਾ ਵਿਚਾਰ ਬਦਲਣ ਅਤੇ ਇਸ ਦੇ ਸਮਰਥਨ ਲਈ ਵਿਰੋਧ ਕੀਤਾ ਸੀ। ਫੋਰਡ ਨੇ ਇਹ ਵੀ ਆਖਿਆ ਕਿ ਉਹ ਹੋਰਨਾਂ ਅਹਿਮ ਵਿਸ਼ਿਆਂ ਨਾਲ ਸਬੰਧਤ ਪ੍ਰੋਗਰਾਮਾਂ ਦਾ ਮੁਲਾਂਕਣ ਵੀ ਕਰਨਗੇ।