ਓਟਵਾ, 15 ਸਤੰਬਰ : ਐਰਿਨ ਓਟੂਲ ਵੱਲੋਂ ਵਰਕਰਜ਼ ਦਾ ਸਹਿਯੋਗੀ ਹੋਣ ਦੀਆਂ ਭਾਵੇਂ ਲੱਖਾਂ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਜਿੱਥੋਂ ਤੱਕ ਕੈਨੇਡਾ ਦੀਆਂ ਲੇਬਰ ਯੂਨੀਅਨਜ਼ ਦਾ ਸਵਾਲ ਹੈ ਤਾਂ ਕੰਜ਼ਰਵੇਟਿਵ ਆਗੂ ਜਨਤਾ ਦੇ ਨੰਬਰ ਇੱਕ ਦੁਸ਼ਮਣ ਹਨ।
ਕੱੁਝ ਸੱਭ ਤੋਂ ਵੱਡੀਆਂ ਯੂਨੀਅਨਾਂ ਆਪਣੇ ਮੈਂਬਰਾਂ ਨੂੰ ਕੰਜ਼ਰਵੇਟਿਵਾਂ ਨੂੰ ਛੱਡ ਕੇ ਕਿਸੇ ਹੋਰ ਨੂੰ ਵੋਟ ਪਾਉਣ ਲਈ ਆਖ ਰਹੀਆਂ ਹਨ।ਹੋਰ ਯੂਨੀਅਨਾਂ ਆਪਣੇ ਮੈਂਬਰਾਂ ਨੂੰ ਵੱਖ ਵੱਖ ਹਲਕਿਆਂ ਵਿੱਚ ਲਿਬਰਲਾਂ ਜਾਂ ਐਨਡੀਪੀ ਨੂੰ ਵੋਟ ਕਰਨ ਲਈ ਆਖ ਰਹੀਆਂ ਹਨ ਤਾਂ ਕਿ ਕੰਜ਼ਰਵੇਟਿਵਾਂ ਨੂੰ ਜਿੱਤਣ ਤੋਂ ਰੋਕਿਆ ਜਾ ਸਕੇ।ਇਸ ਤੋਂ ਇਲਾਵਾ ਯੂਨਾਈਟਿਡ ਸਟੀਲਵਰਕਰਜ਼ ਕੈਨੇਡਾ ਵੱਲੋਂ ਸਿੱਧੇ ਤੌਰ ਉੱਤੇ ਐਨਡੀਪੀ ਦਾ ਸਮਰਥਨ ਕੀਤਾ ਜਾ ਰਿਹਾ ਹੈ।
ਪਰ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਦੇ ਕੌਮੀ ਪ੍ਰਧਾਨ ਕ੍ਰਿਸ ਏਲਵਾਰਡ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਹੈ ਕਿ ਕੋਈ ਯੂਨੀਅਨ ਕੰਜ਼ਰਵੇਟਿਵਾਂ ਦੀ ਹਮਾਇਤ ਕਰ ਰਹੀ ਹੈ। ਪਾਰਟੀ ਵੱਲੋਂ ਵੀ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਕਿਸੇ ਯੂਨੀਅਨ ਵੱਲੋਂ ਉਨ੍ਹਾਂ ਨੂੰ ਸਮਰਥਨ ਦਿੱਤਾ ਗਿਆ ਹੈ ਕਿ ਨਹੀਂ।
ਪਿੱਛੇ ਜਿਹੇ ਓਟੂਲ ਵੱਲੋਂ ਯੂਨੀਅਨਜ਼ ਤੇ ਵਰਕਰਜ਼ ਦਾ ਦੋਸਤ ਹੋਣ ਦੀ ਦੁਹਾਈ ਵੀ ਦਿੱਤੀ ਜਾ ਰਹੀ ਸੀ ਪਰ ਏਅਲਵਾਰਡ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਓਟੂਲ ਦਾ ਟਰੈਕ ਰਿਕਾਰਡ ਇਸ ਤੋਂ ਬਿਲਕੁਲ ਉਲਟ ਦਰਸਾਉਂਦਾ ਹੈ। ਇਸੇ ਲਈ ਅਸੀਂ ਇਹ ਮੰਨਦੇ ਹਾਂ ਕਿ ਐਰਿਨ ਓਟੂਲ ਦੇ ਕੰਜ਼ਰਵੇਟਿਵਜ਼ ਮਹਾਂਮਾਰੀ ਤੋਂ ਕੈਨੇਡਾ ਦੇ ਰਿਕਵਰੀ ਪਲੈਨ ਲਈ ਤਬਾਹਕੁੰਨ ਹੋ ਸਕਦੇ ਹਨ।