ਬਠਿੰਡਾ, 17 ਅਗਸਤ
ਬਠਿੰਡਾ ਦੇ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲਿਆਂ ਨੇ ਆਪਣੇ ਆਪ ਨੂੰ ਇਕਾਂਤਵਾਸ ਕਰਨਾ ਸ਼ੁਰੂ ਕਰ ਦਿੱਤਾ ਹੈ। ਸਭ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀਨਿਵਾਸਨ ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਕਿਉਂਕਿ ਅਾਜ਼ਾਦੀ ਦਿਹਾੜੇ ਸਮਾਗਮ ’ਚ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਦੋਵੇਂ ਇਕੱਠੇ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਜੋ ਵੀ ਐੱਸਐੱਸਪੀ ਬਠਿੰਡਾ ਦੇ ਸੰਪਰਕ ’ਚ ਰਹੇ ਹਨ ਉਹ ਆਪੋ-ਆਪਣਾ ਕਰੋਨਾ ਟੈਸਟ ਲਾਜ਼ਮੀ ਕਰਵਾ ਲੈਣ। ਅਾਜ਼ਾਦੀ ਦਿਹਾੜੇ ਦੇ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੁੱਜੇ ਸਨ ਜਿਨ੍ਹਾਂ ਕੋਲ ਐੱਸਐੱਸਪੀ ਬਠਿੰਡਾ ਤੋਂ ਇਲਾਵਾ ਆਈਜੀ ਬਠਿੰਡਾ ਰੇਂਜ ਜਸਕਰਨ ਸਿੰਘ ਮੰਚ ’ਤੇ ਮੌਜੂਦ ਸਨ।