ਚੰਡੀਗੜ੍ਹ, 15 ਨਵੰਬਰ

ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਪ੍ਰਨੀਤ ਕੌਰ ਨੇ ਅੱਜ ਅਚਨਚੇਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਜਿਸ ਤੋਂ ਨਵੇਂ ਸਿਆਸੀ ਚਰਚੇ ਛਿੜ ਗਏ ਹਨ| ਅੱਜ ਮੁਲਾਕਾਤ ਸਮੇਂ ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਅਤੇ ਹੋਰ ਕੌਂਸਲਰ ਵੀ ਮੌਜੂਦ ਸਨ| ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਤੋਂ ਅਸਤੀਫ਼ਾ ਦੇਣ ਮਗਰੋਂ ਅੱਜ ਸੰਸਦ ਮੈਂਬਰ ਪ੍ਰਨੀਤ ਕੌਰ ਦੀ ਮੁੱਖ ਮੰਤਰੀ ਚੰਨੀ ਨਾਲ ਹੋਈ ਇਸ ਮਿਲਣੀ ਦੇ ਸਿਆਸੀ ਮਾਅਨੇ ਕੱਢੇ ਜਾ ਰਹੇ ਹਨ| ਬੇਸ਼ੱਕ ਅੱਜ ਮਿਲਣੀ ਮਗਰੋਂ ਪ੍ਰਨੀਤ ਕੌਰ ਚੁੱਪ ਰਹੇ, ਪਰ ਉਨ੍ਹਾਂ ਦੀ ਚੁੱਪ ਅੱਜ ਕਈ ਸੰਕੇਤ ਦੇ ਗਈ| ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਮਗਰੋਂ ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਨੂੰ ਅਹੁਦੇ ਤੋਂ ਤਬਦੀਲ ਕਰਨ ਦੀ ਮੁਹਿੰਮ ਚੱਲੀ ਹੋਈ ਹੈ| ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਪਟਿਆਲਾ ਵਿੱਚ ਕੁਝ ਦਿਨ ਪਹਿਲਾਂ ਕੌਂਸਲਰਾਂ ਦੀ ਨਬਜ਼ ਟੋਹੀ ਸੀ| ਪੰਜਾਬ ਸਰਕਾਰ ਵੱਲੋਂ ਮੇਅਰ ਸੰਜੀਵ ਬਿੱਟੂ ਨੂੰ ਲਾਂਭੇ ਕੀਤੇ ਜਾਣ ਲਈ ਸਿਆਸੀ ਯਤਨ ਤੇਜ਼ ਕੀਤੇ ਗਏ ਸਨ| ਨਗਰ ਨਿਗਮ ਪਟਿਆਲਾ ਦੇ ਕੁੱਲ 60 ਕੌਂਸਲਰ ਹਨ ਜਿਨ੍ਹਾਂ ’ਚੋਂ 32 ਕੌਂਸਲਰ ਕੈਪਟਨ ਅਮਰਿੰਦਰ ਸਿੰਘ ਦੀ ਵਿਧਾਨ ਸਭਾ ਸੀਟ ਪਟਿਆਲਾ ’ਚੋਂ ਆਉਂਦੇ ਹਨ ਜਦੋਂਕਿ 26 ਕੌਂਸਲਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਹਲਕੇ ਨਾਲ ਸਬੰਧ ਰੱਖਦੇ ਹਨ ਅਤੇ ਦੋ ਕੌਂਸਲਰ ਸਨੌਰ ਹਲਕੇ ’ਚੋਂ ਹਨ| ਪਤਾ ਲੱਗਾ ਹੈ ਕਿ ਅੱਜ ਮੇਅਰ ਸੰਜੀਵ ਬਿੱਟੂ ਦੇ ਮਾਮਲੇ ਨੂੰ ਲੈ ਕੇ ਐੱਮਪੀ ਪ੍ਰਨੀਤ ਕੌਰ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਹੈ| ਸਿਆਸੀ ਕਿਆਸੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਤੋਂ ਪ੍ਰਨੀਤ ਕੌਰ ਫਿਲਹਾਲ ਦੂਰੀ ਬਣਾ ਕੇ ਰੱਖ ਸਕਦੇ ਹਨ| ਪ੍ਰਨੀਤ ਕੌਰ ਨੇ ਅੱਜ ਮੁੱਖ ਮੰਤਰੀ ਨਾਲ ਸਿਆਸੀ ਗੁਫ਼ਤੁਗੂ ਜ਼ਰੂਰ ਕੀਤੀ ਹੋਵੇਗੀ| ਆਉਂਦੇ ਦਿਨਾਂ ਵਿੱਚ ਪੰਜਾਬ ਸਰਕਾਰ ਸੰਜੀਵ ਬਿੱਟੂ ਨੂੰ ਤਬਦੀਲ ਕਰਨ ਲਈ ਕੋਈ ਕੋਸ਼ਿਸ਼ ਕਰਦੀ ਹੈ ਜਾਂ ਨਹੀਂ, ਉਸ ਤੋਂ ਪ੍ਰਨੀਤ ਕੌਰ ਦੇ ਭਵਿੱਖ ਦੇ ਸਿਆਸੀ ਜੋੜ-ਤੋੜ ਦਾ ਵੀ ਪਤਾ ਲੱਗੇਗਾ| ਪ੍ਰਨੀਤ ਕੌਰ ਦੀ ਮੁੱਖ ਮੰਤਰੀ ਨਾਲ ਅੱਜ ਪਹਿਲੀ ਮੀਟਿੰਗ ਸੀ ਅਤੇ ਪ੍ਰਨੀਤ ਕੌਰ ਦੀ ਧੀ ਪਟਿਆਲਾ ਸੀਟ ਤੋਂ ਅਗਲੀਆਂ ਚੋਣਾਂ ਲੜਨ ਦੀ ਤਿਆਰੀ ਵਿੱਚ ਹੈ| ਚਰਚੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀ ਧੀ ਪਟਿਆਲਾ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਸਕਦੀ ਹੈ| ਕਾਂਗਰਸ ਇਸ ਮੌਕੇ ਨੂੰ ਸਿਆਸੀ ਦਾਅ ਵਜੋਂ ਵਰਤੇਗੀ|