ਭੁਬਨੇਸ਼ਵਰ, 8 ਜੂਨ
ਕਪਤਾਨ ਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤ ਨੇ ਅੱਜ ਇੱਥੇ ਚੱਲ ਰਹੇ ਐੱਫਆਈਐੱਚ ਸੀਰੀਜ਼ ਫਾਈਨਲਜ਼ ਹਾਕੀ ਟੂਰਨਾਮੈਂਟ ਵਿੱਚ ਪੋਲੈਂਡ ’ਤੇ 3-1 ਨਾਲ ਜਿੱਤ ਹਾਸਲ ਕੀਤੀ। ਪਹਿਲੇ ਕੁਆਰਟਰ ਵਿਚ ਕੋਈ ਗੋਲ ਨਹੀਂ ਹੋਇਆ ਅਤੇ ਮਨਪ੍ਰੀਤ ਨੇ 21ਵੇਂ ਤੇ 26ਵੇਂ ਮਿੰਟ ਵਿੱਚ ਦੋ ਗੋਲ ਕੀਤੇ। ਇਸ ਤੋਂ ਬਾਅਦ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੇ 36ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਤਬਦੀਲ ਕੀਤਾ ਜਿਸ ਨਾਲ ਭਾਰਤ ਨੇ ਟੂਰਨਾਮੈਂਟ ਵਿਚ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ। ਪੋਲੈਂਡ ਲਈ ਇਕਮਾਤਰ ਗੋਲ ਮਾਤੇਯੂਸਜ ਹੁਲਬੋਜ਼ ਨੇ 25ਵੇਂ ਮਿੰਟ ਵਿੱਚ ਕੀਤਾ। ਹਾਲਾਂਕਿ ਦੁਨੀਆਂ ਦੀ ਪੰਜਵੇਂ ਨੰਬਰ ਦੀ ਭਾਰਤੀ ਟੀਮ ਲਗਾਤਾਰ ਦੂਜੀ ਜਿੱਤ ਹਾਸਲ ਕਰਨ ’ਚ ਸਫ਼ਲ ਰਹੀ।
ਇਸ ਤੋਂ ਪਹਿਲਾਂ ਏਸ਼ਿਆਈ ਖੇਡਾਂ ਦੇ ਚੈਂਪੀਅਨ ਜਪਾਨ ਨੇ ਅਗਲੇ ਸਾਲ ਟੋਕਿਓ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੀਆਂ ਆਪਣੀਆਂ ਤਿਆਰੀਆਂ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਅੱਜ ਇੱਥੇ ਐੱਫਆਈਐੱਚ ਸੀਰੀਜ਼ ਫਾਈਨਲਜ਼ ਹਾਕੀ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਮੈਕਸਿਕੋ ਨੂੰ 3-1 ਨਾਲ ਹਰਾਇਆ ਜਦੋਂਕਿ ਇਕ ਹੋਰ ਮੁਕਾਬਲੇ ਵਿੱਚ ਰੂਸ ਨੇ ਉਜ਼ਬੇਕਿਸਤਾਨ ਨੂੰ 12-1 ਨਾਲ ਹਰਾਇਆ।
ਮੇਜ਼ਬਾਨ ਹੋਣ ਕਾਰਨ ਅਤੇ ਨਾਲ ਹੀ ਮਹਾਦੀਪ ਪੱਧਰ ਦਾ ਚੈਂਪੀਅਨ ਹੋਣ ਤੋਂ ਪਹਿਲਾਂ ਹੀ ਓਲੰਪਿਕ ਲਈ ਕੁਆਲੀਫਾਈ ਕਰ ਚੁੱਕਿਆ ਜਪਾਨ ਇਸ ਟੂਰਨਾਮੈਂਟ ਨੂੰ ਇਸ ਖੇਡ ਦੇ ਮਹਾਂਕੁੰਭ ਦੀਆਂ ਤਿਆਰੀਆਂ ਦੇ ਤੌਰ ’ਤੇ ਲੈ ਰਿਹਾ ਹੈ। ਉਸ ਵੱਲੋਂ ਪੂਲ ‘ਬੀ’ ਦੇ ਇਸ ਮੈਚ ਵਿੱਚ ਹਿਰੋਤਾਕਾ ਜੈਨਦਾਨਾ ਨੇ ਤੀਜੇ ਅਤੇ 34ਵੇਂ ਮਿੰਟ ਵਿੱਚ ਦੋ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ ਜਦੋਂਕਿ ਸ਼ੋਤਾ ਯਾਮਦਾ ਨੇ ਇਸ ਵਿਚਾਲੇ 21ਵੇਂ ਮਿੰਟ ਵਿੱਚ ਪੈਨਲਟੀ ਸਟ੍ਰੋਕ ’ਤੇ ਗੋਲ ਕੀਤਾ। ਜਪਾਨ ਨੂੰ ਹਾਲਾਂਕਿ ਸ਼ੁਰੂ ਵਿੱਚ ਹੀ ਉਦੋਂ ਝਟਕਾ ਲੱਗਿਆ ਸੀ ਜਦੋਂ ਵਿਸ਼ਵ ਵਿੱਚ 39ਵੇਂ ਨੰਬਰ ਦੇ ਮੈਕਸਿਕੋ ਨੇ ਹਰਿਕ ਹਰਨਾਡੇਜ਼ ਦੇ ਗੋਲ ਨਾਲ ਤੀਜੇ ਮਿੰਟ ਵਿੱਚ ਹੀ ਬੜ੍ਹਤ ਹਾਸਲ ਕਰ ਲਈ ਸੀ। ਜਾਪਾਨ ਦੀ ਟੀਮ ਹੁਣ ਅਗਲੇ ਮੈਚ ਵਿੱਚ ਸ਼ਨਿਚਰਵਾਰ ਨੂੰ ਦੱਖਣੀ ਅਫਰੀਕਾ ਨਾਲ ਭਿੜੇਗੀ ਜਦੋਂਕਿ ਮੈਕਸਿਕੋ ਦਾ ਸਾਹਮਣਾ ਅਮਰੀਕਾ ਨਾਲ ਹੋਵੇਗਾ।
ਉੱਥੇ ਹੀ ਇਕ ਹੋਰ ਮੈਚ ਵਿੱਚ ਦੁਨੀਆਂ ਦੀ 22ਵੇਂ ਨੰਬਰ ਦੀ ਟੀਮ ਰੂਸ ਨੇ ਪੂਲ ‘ਏ’ ਦੇ ਇਕਪਾਸੜ ਮੁਕਾਬਲੇ ਵਿੱਚ ਉਜ਼ਬੇਕਿਸਤਾਨ (43) ਨੂੰ 12-1 ਨਾਲ ਹਰਾਇਆ। ਰੂਸ ਲਈ ਸੀਮਨ ਮਾਤਕੋਵਸਕੀ (13ਵੇਂ, 17ਵੇਂ, 26ਵੇਂ, 44ਵੇਂ ਅਤੇ 48ਵੇਂ ਮਿੰਟ) ਨੇ ਪੰਜ ਗੋਲ ਕੀਤੇ ਜਦੋਂਕਿ ਐਲੇਗਜ਼ੈਂਡਰ ਸਕਿਪਰਸਕੀ ਨੇ 15ਵੇਂ ਤੇ 22ਵੇਂ ਮਿੰਟ ਵਿੱਚ, ਸਰਗੇ ਲੈਪਸ਼ਕਿਨ ਨੇ 19ਵੇਂ ਮਿੰਟ, ਐਲੇਕਸੇ ਸੋਬੋਲੈਵਸਕੀ ਨੇ 22ਵੇਂ, ਮਿਖਾਈਲ ਪ੍ਰੋਸਕੂਰਿਆਕੋਵ ਨੇ 36ਵੇਂ ਮਿੰਟ, ਮਰਾਤ ਖੈਰੂਲਿਨ ਨੇ 40ਵੇਂ ਮਿੰਟ ਅਤੇ ਡੈਨਿਸ ਸਟਾਰੀਐਂਕੋ ਨੇ 59ਵੇਂ ਮਿੰਟ ਵਿੱਚ ਗੋਲ ਕੀਤੇ। ਉਜ਼ਬੇਕਿਸਤਾਨ ਲਈ ਖਾਕਿੰਬੋਏ ਖਾਕਿਮੋਵ ਨੇ 29ਵੇਂ ਮਿੰਟ ਵਿੱਚ ਇਕੋ ਇਕ ਗੋਲ ਕੀਤਾ। ਰੂਸ ਦੀ ਟੀਮ ਹੁਣ ਐਤਵਾਰ ਨੂੰ ਆਪਣੇ ਆਖ਼ਰੀ ਪੂਲ ਮੈਚ ਵਿੱਚ ਪੋਲੈਂਡ ਨਾਲ ਜਦੋਂਕਿ ਉਜ਼ਬੇਕਿਸਤਾਨ 10 ਜੂਨ ਨੂੰ ਭਾਰਤ ਨਾਲ ਭਿੜੇਗਾ। ਇਸ ਟੂਰਨਾਮੈਂਟ ਵਿਚ ਸਿਖ਼ਰ ’ਤੇ ਰਹਿਣ ਵਾਲੀਆਂ ਦੋ ਟੀਮਾਂ ਇਸ ਸਾਲ ਅਕਤੂਬਰ-ਨਵੰਬਰ ਵਿੱਚ ਹੋਣ ਵਾਲੇ ਐੱਫਆਈਐੱਚ ਓਲੰਪਿਕ ਕੁਆਲੀਫਾਇਰਜ਼ ਵਿੱਚ ਜਗ੍ਹਾ ਬਣਾਉਣਗੀਆਂ।