ਲੁਸਾਨੇ:ਭਾਰਤ ਨੇ ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਦੇ ਸਾਲਾਨਾ ਪੁਰਸਕਾਰਾਂ ਵਿੱਚ ਅੱਜ ਆਪਣਾ ਦਬਦਬਾ ਬਣਾ ਲਿਆ ਅਤੇ ਵੋਟਾਂ ’ਤੇ ਆਧਾਰਿਤ ਪ੍ਰਣਾਲੀ ਵਿੱਚ ਸਾਰੇ ਵਰਗਾਂ ਵਿੱਚ ਸਿਖਰਲੇ ਪੁਰਸਕਾਰ ਹਾਸਲ ਕੀਤੇ। ਹਾਲਾਂਕਿ ਓਲੰਪਿਕ ਚੈਂਪੀਅਨ ਬੈਲਜੀਅਮ ਨੇ ਇਸ ’ਤੇ ਸਵਾਲ ਉਠਾਏ ਹਨ। ਬੈਲਜੀਅਮ ਦੇ ਵਿਰੋਧ ਮਗਰੋਂ ਐੱਫਆਈਐੱਚ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਪਤਾ ਲਾਉਣ ਦਾ ਯਤਨ ਕੀਤਾ ਜਾਵੇਗਾ ਕਿ ਕੁੱਝ ਐਸੋਸੀਏਸ਼ਨਾਂ ਨੇ ਵੋਟ ਕਿਉਂ ਨਹੀਂ ਪਾਈ। ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ, ਜਦੋਂਕਿ ਮਹਿਲਾ ਟੀਮ ਚੌਥੇ ਸਥਾਨ ’ਤੇ ਰਹੀ ਸੀ। ਗੁਰਜੀਤ ਕੌਰ (ਮਹਿਲਾ) ਅਤੇ ਹਰਮਨਪ੍ਰੀਤ ਸਿੰਘ (ਪੁਰਸ਼) ਨੇ ਆਪੋ-ਆਪਣੇ ਵਰਗਾਂ ਵਿੱਚ ਸਾਲ ਦੇ ਸਰਬੋਤਮ ਖਿਡਾਰੀ (ਪਲੇਅਰ ਆਫ ਦਿ ਯੀਅਰ) ਦਾ ਪੁਰਸਕਾਰ ਹਾਸਲ ਕੀਤਾ। ਸਵਿਤਾ ਪੂਨੀਆ (ਸਰਬੋਤਮ ਗੋਲਕੀਪਰ, ਮਹਿਲਾ), ਪੀਆਰ ਸ੍ਰੀਜੇਸ਼ (ਸਰਬੋਤਮ ਗੋਲਕੀਪਰ, ਪੁਰਸ਼), ਸ਼ਰਮੀਲਾ ਦੇਵੀ (ਸਰਬੋਤਮ ਉਭਰਦੀ ਖਿਡਾਰਨ) ਅਤੇ ਵਿਵੇਕ ਪ੍ਰਸਾਦ (ਸਰਬੋਤਮ ਉਭਰਦਾ ਖਿਡਾਰੀ) ਦੇ ਨਾਲ ਨਾਲ ਭਾਰਤ ਦੀ ਮਹਿਲਾ ਟੀਮ ਦੇ ਕੋਚ ਸਯੋਰਡ ਮਾਰਿਨ ਅਤੇ ਪੁਰਸ਼ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਵੀ ਸਭ ਤੋਂ ਵੱਧ ਵੋਟਾਂ ਹਾਸਲ ਕਰ ਕੇ ਚੋਟੀ ’ਤੇ ਰਹੇ।