ਇਸਲਾਮਾਬਾਦ, 26 ਜੂਨ

ਸੰਘੀ ਜਾਂਚ ਏਜੰਸੀ (ਐੱਫਆਈਏ) ਦੇ ਅਧਿਕਾਰੀਆਂ ਵੱਲੋਂ ਅੱਜ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀਟੀਆਈ) ਦੇ ਪ੍ਰਧਾਨ ਚੌਧਰੀ ਪਰਵੇਜ਼ ਇਲਾਹੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਾਕਿਸਤਾਨ ਆਧਾਰਿਤ ਏਆਰਵਾਈ ਦੀ ਖ਼ਬਰ ਅਨੁਸਾਰ ਚੌਧਰੀ ਪਰਵੇਜ਼ ਇਲਾਹੀ ਨੂੰ ਲੰਘੀ 24 ਜੂਨ ਨੂੰ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ (ਏਟੀਸੀ) ਵੱਲੋਂ ਜ਼ਮਾਨਤ ਦਿੱਤੀ ਗਈ ਸੀ। ਉਸ ਮਗਰੋਂ ਅੱਜ ਫਿਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪ੍ਰਾਪਤ ਵੇਰਵਿਆਂ ਮੁਤਾਬਕ ਐੱਫਆਈਏ ਦੇ ਅਧਿਕਾਰੀਆਂ ਨੇ ਪਰਵੇਜ਼ ਇਲਾਹੀ ਨੂੰ ਕਾਲੇ ਧਨ ਨੂੰ ਸਫੈਦ ਕਰਨ ਦੇ ਇਕ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ, ਇਕ ਅੜਿੱਕੇ ਨੇ ਇਲਾਹੀ ਦੀ ਰਿਹਾਈ ਦੀ ਪ੍ਰਕਿਰਿਆ ਪੂਰੀ ਕਰਨ ਵਾਸਤੇ ਜ਼ਮਾਨਤ ਲਈ ਪਟੀਸ਼ਨ ਦਾਇਰ ਕਰਨ ਵਾਲੇ ਨੂੰ ਕੈਂਪ ਆਫ਼ਿਸ ਤੱਕ ਪਹੁੰਚਣ ਤੋਂ ਰੋਕ ਦਿੱਤਾ ਜਿਸ ਕਾਰਨ ਇਲਾਹੀ ਦੀ ਰਿਹਾਈ ’ਚ ਅੜਿੱਕਾ ਖੜ੍ਹਾ ਹੋ ਗਿਆ। ਏਆਰਵਾਈ ਨਿਊਜ਼ ਦੀ ਖ਼ਬਰ ਮੁਤਾਬਕ ਐੱਫਆਈਏ ਅਧਿਕਾਰੀਆਂ ਨੇ ਪੀਟੀਆਈ ਦੇ ਪ੍ਰਧਾਨ ਨੂੰ ਜ਼ਿਲ੍ਹਾ ਕਚਹਿਰੀ ਵਿਚਲੀ ਜ਼ਿਲ੍ਹਾ ਅਦਾਲਤ ਸਾਹਮਣੇ ਪੇਸ਼ ਕੀਤਾ। ਐੱਫਆਈਏ ਨੇ ਅਦਾਲਤ ਤੋਂ ਇਸ ਕਥਿਤ ਮਨੀ ਲਾਂਡਰਿੰਗ ਕੇਸ ’ਚ ਅਗਲੀ ਜਾਂਚ ਲਈ ਇਲਾਹੀ ਦਾ ਰਿਮਾਂਡ ਦੇਣ ਦੀ ਅਪੀਲ ਕੀਤੀ। ਲਾਹੌਰ ਵਿਚਲੀ ਜ਼ਿਲ੍ਹਾ ਕਚਹਿਰੀ ਅਦਾਲਤ ਨੇ ਚੌਧਰੀ ਪਰਵੇਜ਼ ਇਲਾਹੀ ਦੇ ਫਿਜ਼ੀਕਲ ਰਿਮਾਂਡ ਸਬੰਧੀ ਫੈਸਲਾ ਰਾਖਵਾਂ ਰੱਖ ਲਿਆ। ਇਸ ਦੌਰਾਨ ਵਕੀਲਾਂ ਵੱਲੋਂ ਆਪੋ-ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ।ਏਆਰਵਾਈ ਦੀ ਖ਼ਬਰ ਅਨੁਸਾਰ ਵਕੀਲ ਰਾਣਾ ਨੇ ਕਿਹਾ ਕਿ ਚੌਧਰੀ ਪਰਵੇਜ਼ ਇਲਾਹੀ ਨੂੰ ਸੱਤ ਐੱਫਆਈਆਰਜ਼ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਇਕ ਕੇਸ ਵਿੱਚ ਜ਼ਮਾਨਤ ਮਨਜ਼ੂਰ ਹੁੰਦੀ ਹੈ ਤਾਂ ਅਧਿਕਾਰੀ ਨਾਲੋ-ਨਾਲ ਉਸ ਨੂੰ ਹੋਰ ਕੇਸ ਵਿੱਚ ਗ੍ਰਿਫ਼ਤਾਰ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ, ਹੁਣ ਤੱਕ ਕੋਈ ਵੀ ਸਬੂਤ ਇਲਾਹੀ ਦੀ ਕਿਸੇ ਵੀ ਗ਼ਲਤ ਕੰਮ ਵਿੱਚ ਸ਼ਮੂਲੀਅਤ ਵੱਲ ਇਸ਼ਾਰਾ ਨਹੀਂ ਕਰਦਾ ਹੈ। ਪਾਕਿਸਤਾਨ ਆਧਾਰਤ ‘ਡਾਅਨ’ ਦੀ ਖ਼ਬਰ ਮੁਤਾਬਕ ਇਸ ਤੋਂ ਪਹਿਲਾਂ ਪਿਛਲੇ ਹਫਤੇ ਲਾਹੌਰ ਵਿਚਲੀ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਪਾਕਿਸਤਾਨ ਦੀ ਪੰਜਾਬ ਵਿਧਾਨ ਸਭਾ ਵਿੱਚ ਗੈਰ-ਕਾਨੂੰਨੀ ਭਰਤੀ ਨਾਲ ਸਬੰਧਤ ਇਕ ਮਾਮਲੇ ਵਿੱਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਚੌਧਰੀ ਪਰਵੇਜ਼ ਇਲਾਹੀ ਦੀ ਜ਼ਮਾਨਤ ਮਨਜ਼ੂਰ ਕੀਤੀ ਸੀ। ਉਸ ਤੋਂ ਪਹਿਲਾਂ ਇਸੇ ਮਹੀਨੇ ਗੁੱਜਰਾਂਵਾਲਾ ਵਿੱਚ ਐਂਟੀ ਕੁਰੱਪਸ਼ਨ ਇਸਟੈਬਲਿਸ਼ਮੈਂਟ (ਏਸੀਈ) ਨੇ ਪ੍ਰਾਂਤ ਦੀ ਵਿਧਾਨ ਸਭਾ ਦੇ ਸਪੀਕਰ ਹੋਣ ਵਜੋਂ ਵਿਧਾਨ ਸਭਾ ’ਚ ਬਿਨਾਂ ਮੈਰਿਟ ਤੋਂ ਭਰਤੀਆਂ ਕਰਨ ਲਈ ਡੇਢ ਕਰੋੜ ਰੁਪਏ ਲਏ ਸਨ। ਉਪਰੰਤ, ਪੀਟੀਆਈ ਪ੍ਰਧਾਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ ਸੀ।