ਓਟਾਵਾ — ਐੱਨ. ਡੀ. ਪੀ. ਦੇ ਸਾਬਕਾ ਆਗੂ ਟੌਮ ਮਲਕੇਅਰ ਵੱਲੋਂ ਨਵੇਂ ਸਾਲ ‘ਚ ਸਿਆਸਤ ਤੋਂ ਸੰਨਿਆਸ ਲੈਂਦਿਆਂ ਪਾਰਲੀਮੈਂਟ ਮੈਂਬਰ ਵੱਜੋਂ ਅਸਤੀਫਾ ਦੇਣ ਦੀ ਸੰਭਾਵਨਾ ਹੈ। ਐੱਨ. ਡੀ. ਪੀ. ਦੇ ਇਕ ਬੁਲਾਰੇ ਨੇ ਕਿਹਾ ਕਿ ਮਾਂਟਰੀਅਲ ਤੋਂ ਐੱਮ. ਪੀ. ਮਲਕੇਅਰ ਵੱਲੋਂ ਬਸੰਤ ਰੁੱਤ ਦੇ ਪਾਰਲੀਮੈਂਟ ਇਜਲਾਸ ਤੋਂ ਬਾਅਦ ਅਸਤੀਫਾ ਦਿੱਤਾ ਜਾਵੇਗਾ। ਪਰ ਹਲੇਂ ਤੱਕ ਉਨ੍ਹਾਂ ਦੇ ਅਸਤੀਫਾ ਦੇਣ ਦੀ ਤਰੀਕ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਸਿਆਸਤ ਤੋਂ ਫ੍ਰੀ ਹੋਣ ਮਗਰੋਂ ਮਲਕੇਅਰ ਵੱਲੋਂ ਇਕ ਯੂਨੀਵਰਸਿਟੀ ‘ਚ ਅਧਿਆਪਕ ਵੱਜੋਂ ਸੇਵਾਵਾਂ ਨਿਭਾਉਣ ਦੀ ਯੋਜਨਾ ਹੈ। ਇਸ ਯੂਨੀਵਰਸਿਟੀ ਦਾ ਨਾਂ ਵੀ ਹਲੇਂ ਜਨਤਕ ਨਹੀਂ ਕੀਤਾ ਗਿਆ।
ਲਿਬਰਲ ਪਾਰਟੀ ਨਾਲ ਸਿਆਸੀ ਸਫਰ ਦੀ ਸ਼ੁਰੂਆਤ ਕਰਨ ਵਾਲੇ ਟੌਮ ਮਲਕੇਅਰ ਕਿਊਬਿਕ ‘ਚ ਕੈਬਨਿਟ ਮੰਤਰੀ ਸਨ ਪਰ ਆਪਣੀ ਪਾਰਟੀ ਛੱਡ ਕੇ ਐੱਨ. ਡੀ. ਪੀ. ‘ਚ ਸ਼ਾਮਲ ਹੋ ਗਏ ਅਤੇ 2007 ਦੀ ਜ਼ਿਮਨੀ ਚੋਣ ਦੌਰਾਨ ਲਿਬਰਲਾਂ ਦਾ ਗੜ੍ਹ ਮੰਨ ਜਾਂਦੇ ਆਊਟਮੌਂਟ ਹਲਕੇ ਤੋਂ ਜ਼ੋਰਦਾਰ ਜਿੱਤ ਦਰਜ ਕੀਤੀ। ਜੈਕ ਲੇਟਨ ਦੀ ਮੌਤ ਮਗਰੋਂ 2012 ‘ਚ ਉਹ ਐੱਨ. ਡੀ. ਪੀ. ਦੇ ਆਗੂ ਬਣ ਗਏ ਪਰ 2015 ਦੀਆਂ ਆਮ ਚੋਣਾਂ ‘ਚ ਐੱਨ. ਡੀ. ਪੀ. ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਮਲਕੇਅਰ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਮਲਕੇਅਰ ਦੀ ਵਿਦਾਇਗੀ ਪਿੱਛੋਂ ਜਗਮੀਤ ਸਿੰਘ ਨੇ ਪਾਰਟੀ ਦੀ ਵਾਗਡੋਰ ਸੰਭਾਲੀ। ਹਾਲ ਹੀ ‘ਚ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਲਿਬਰਲ ਪਾਰਟੀ ਨੂੰ ਮਿਲਿਆ ਲੋਕ ਫਤਵਾ ਵੇਖਦਿਆਂ ਮਲਕੇਅਰ ਦੇ ਅਸਤੀਫੇ ਪਿੱਛੇ ਖਾਲੀ ਹੋਣ ਵਾਲੀ ਆਊਟਰਮੌਂਟ ਸੀਟ ‘ਤੇ ਵੀ ਸਖਤ ਮੁਕਾਬਲਾ ਵੇਖਣ ਨੂੰ ਮਿਲੇਗਾ ਜਿੱਥੇ ਲਿਬਰਲ ਪਾਰਟੀ ਆਪਣੀ ਪੁਰਾਣੇ ਗੜ੍ਹ ਨੂੰ ਮੁੜ ਕਾਇਮ ਕਰਨ ਲਈ ਤਿਆਰ ਬੈਠੀ ਹੈ।