ਪਟਨਾ, 4 ਜੁਲਾਈ
ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਮਹਾਰਾਸ਼ਟਰ ਦੀ ਸਿਆਸਤ ਦੇ ਨਵੇਂ ਘਟਨਾਕ੍ਰਮ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ ਉਨ੍ਹਾਂ ਪੱਛਮੀ ਸੂਬੇ ’ਚ ‘ਡਕੈਤੀ’ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜੀਤ ਪਵਾਰ ਦੀ ਅਗਵਾਈ ਹੇਠਲਾ ਐੱਨਸੀਪੀ ਧੜਾ ਭਾਜਪਾ ਦੀ ਅਗਵਾਈ ਹੇਠਲੀ ਮਹਾਰਾਸ਼ਟਰ ਸਰਕਾਰ ’ਚ ਉਸ ਸਮੇਂ ਸ਼ਾਮਲ ਹੋਇਆ ਹੈ ਜਦੋਂ ਵਿਰੋਧੀ ਧਿਰਾਂ ਦੇ ਆਗੂ ਲੋਕਤੰਤਰ ’ਤੇ ਹਮਲੇ ਦਾ ਟਾਕਰਾ ਕਰਨ ਲਈ ਇਕਜੁੱਟ ਹੋ ਰਹੇ ਸਨ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਬਾਰੇ ਲਿਖੀ ਕਿਤਾਬ ਰਿਲੀਜ਼ ਕਰਨ ਮੌਕੇ ਉਨ੍ਹਾਂ ਕਿਹਾ,‘‘ਇਹ ਸਮਾਗਮ ਉਸ ਸਮੇਂ ਹੋ ਰਿਹਾ ਹੈ ਜਦੋਂ ਨਿਤੀਸ਼, ਮੈਂ ਅਤੇ ਹੋਰ ਵੱਖ ਵੱਖ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਪਾਰਟੀ ਵੱਲੋਂ ਲੋਕਤੰਤਰ ’ਤੇ ਕੀਤੇ ਜਾ ਰਹੇ ਹਮਲਿਆਂ ਦੇ ਟਾਕਰੇ ਲਈ ਇਕਜੁੱਟ ਹੋ ਰਹੇ ਹਨ। ਮੋਦੀ ਦੇਸ਼ ਭਰ ’ਚ ਡਕੈਤੀਆਂ ਕਰ ਰਿਹਾ ਹੈ। ਮਹਾਰਾਸ਼ਟਰ ਦਾ ਹਾਲ ਤੁਸੀਂ ਦੇਖਿਆ ਹੀ ਹੈ ਜਿਥੋਂ ਦੇਸ਼ ਦੇ ਸਭ ਤੋਂ ਸੀਨੀਅਰ ਆਗੂ ਸਾਡੀ ਵਿਰੋਧੀ ਧਿਰਾਂ ਦੀ ਮੀਟਿੰਗ ’ਚ ਆਏ ਸਨ।’’ ਉਨ੍ਹਾਂ ਆਸ ਜਤਾਈ ਕਿ ਸ਼ਰਦ ਪਵਾਰ ’ਤੇ ਇਸ ਬਗ਼ਾਵਤ ਦਾ ਕੋਈ ਅਸਰ ਨਹੀਂ ਪਵੇਗਾ। ਉਹ ਕੌਮੀ ਆਗੂ ਹਨ। ਨਰਿੰਦਰ ਮੋਦੀ ਨੇ ਉਨ੍ਹਾਂ ਦੇ ਅਕਸ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਇਸ ਝਟਕੇ ਨੂੰ ਸਹਿਣ ਕਰ ਲੈਣਗੇ।’ ਬਿਹਾਰ ’ਚ ਮਹਾਗੱਠਬੰਧਨ ’ਚ ਮਹਾਰਾਸ਼ਟਰ ਵਰਗਾ ਘਟਨਾਕ੍ਰਮ ਦੁਹਰਾਏ ਜਾਣ ਦੀਆਂ ਕਨਸੋਆਂ ਬਾਰੇ ਲਾਲੂ ਯਾਦਵ ਨੇ ਕਿਹਾ ਕਿ ਅਜਿਹੀਆਂ ਹਰਕਤਾਂ ਕਰਨ ਵਾਲੇ ਯਾਦ ਰੱਖਣ ਕਿ ਇਹ ਬਿਹਾਰ ਹੈ ਤੇ ਅਸੀਂ ਜਾਣਦੇ ਹਾਂ ਕਿ ਉੱਡਦੀ ਚਿੜੀ ਨੂੰ ਹਲਦੀ ਕਿਵੇਂ ਲਾਈ ਜਾ ਸਕਦੀ ਹੈ।