ਨਵੀਂ ਦਿੱਲੀ, 25 ਅਪਰੈਲ

ਕੌਮੀ ਜਾਂਚ ਏਜੰਸੀ ਨੇ ਪਾਬੰਦੀਸ਼ੁਦਾ ਪੋਪੂਲਰ ਫਰੰਟ ਆਫ ਇੰਡੀਆ (ਪੀਐੱਫਆਈ) ਦੇ ਕੇਡਰ ਖ਼ਿਲਾਫ਼ ਤਾਜ਼ਾ ਕਾਰਵਾਈ ਕਰਦਿਆਂ ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਦਰਜਨਾਂ ਥਾਵਾਂ ’ਤੇ ਛਾਪੇ ਮਾਰ ਕੇ ਤਲਾਸ਼ੀ ਮੁਹਿੰਮ ਚਲਾਈ। ਜਾਂਚ ਏਜੰਸੀ ਨੇ ਇਸ ਦੌਰਾਨ ਪੰਜਾਬ ਦੇ ਲੁਧਿਆਣਾ ਵਿੱਚ ਇਕ ਥਾਈਂ, ਬਿਹਾਰ ਵਿੱਚ 12 ਥਾਵਾਂ ’ਤੇ, ਉੱਤਰ ਪ੍ਰਦੇਸ਼ ’ਚ ਦੋ ਥਾਈਂ ਜਦਕਿ ਗੋਆ ’ਚ ਇਕ ਜਗ੍ਹਾ ਛਾਪੇ ਮਾਰੇ ਤੇ ਤਲਾਸ਼ੀ ਮੁਹਿੰਮ ਚਲਾਈ। ਐੱਨਆਈਏ ਵੱਲੋਂ ਬਿਹਾਰ ਵਿੱਚ ਦਰਭੰਗਾ ਦੀ ਉਰਦੂ ਮਾਰਕੀਟ ’ਚ ਛਾਪੇ ਮਾਰੇ ਜਾ ਰਹੇ ਹਨ। ਪੁਲੀਸ ਦੇ ਸੂਤਰਾਂ ਅਨੁਸਾਰ ਜਾਂਚ ਏਜੰਸੀ ਦੀ ਟੀਮ ਇੱਥੇ ਪਾਬੰਦੀਸ਼ੁਦਾ ਜਥੇਬੰਦੀ ਪੀਐੱਫਆਈ ਨਾਲ ਸਬੰਧਤ ਗਤੀਵਿਧੀਆਂ ਦੀ ਜਾਂਚ ਲਈ ਪਹੁੰਚੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪਿਛਲੇ ਸਾਲ ਸਤੰਬਰ ਵਿੱਚ ਪੀਐੱਫਆਈ ਤੇ ਇਸ ਨਾਲ ਸਬੰਧਤ ਹੋਰ ਸੰਸਥਾਵਾਂ ਨੂੰ ਗੈਰ-ਕਾਨੂੰਨੀ ਐਲਾਨ ਦਿੱਤਾ ਸੀ।