ਚੰਡੀਗੜ੍ਹ, 17 ਮਈ
ਕੌਮੀ ਜਾਂਚ ਏਜੰਸੀ(ਐੱਨਆਈਏ) ਅਤਿਵਾਦ-ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ-ਗੈਂਗਸਟਰਾਂ ਦੇ ਗਠਜੋੜ ਦੇ ਮਾਮਲਿਆਂ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਵਿੱਚ 100 ਤੋਂ ਵੱਧ ਟਿਕਾਣਿਆਂ ‘ਤੇ ਤਲਾਸ਼ੀ ਲੈ ਰਹੀ ਹੈ। ਐੱਨਆਈਏ ਪੰਜਾਬ ਪੁਲੀਸ ਦੇ ਸਹਿਯੋਗ ਨਾਲ ਰਾਜ ਦੇ 12 ਜ਼ਿਲ੍ਹਿਆਂ ਵਿੱਚ 58 ਥਾਵਾਂ ਦੀ ਤਲਾਸ਼ੀ ਲੈ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਪੁਲੀਸ ਵੱਲੋਂ 143 ਥਾਵਾਂ ’ਤੇ ਘੇਰਾਬੰਦੀ ਕਰਕੇ ਤਲਾਸ਼ੀ ਲਈ ਜਾ ਰਹੀ ਹੈ। ਮੋਗਾ ਵਿੱਚ ਐੱਨਆਈਏ ਦੀ ਟੀਮ ਵੱਲੋਂ ਮੋਗਾ ਦੇ ਰਾਜਿੰਦਰ ਨਗਰ ਵਿੱਚ ਵਪਾਰੀ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ।
ਵੱਖ-ਵੱਖ ਟੀਮਾਂ ਤਲਵੰਡੀ ਭੰਗੇਰੀਆ, ਧੂੜਕੋਟ, ਨਿਧਾਨਵਾਲਾ ਤੇ ਨਿਹਾਲ ਸਿੰਘ ਵਾਲਾ ਵਿੱਚ ਘਰਾਂ ਦੀ ਤਲਾਸ਼ੀ ਲੈ ਰਹੀਆਂ ਹਨ। ਐੱਨਆਈਏ ਮੁਕਤਸਰ ਜ਼ਿਲ੍ਹੇ ਵਿੱਚ ਦੋ ਅਤੇ ਫਿਰੋਜ਼ਪੁਰ ਵਿੱਚ ਤਿੰਨ ਥਾਵਾਂ ਦੀ ਤਲਾਸ਼ੀ ਲੈ ਰਹੀ ਹੈ। ਹਰਿਆਣਾ ਵਿੱਚ ਏਜੰਸੀ ਸਿਰਸਾ, ਝੱਜਰ, ਬਹਾਦਰਗੜ੍ਹ ਅਤੇ ਗੁਰੂਗ੍ਰਾਮ ਵਿੱਚ ਸਥਾਨਾਂ ਦੀ ਤਲਾਸ਼ ਕਰ ਰਹੀ ਹੈ। ਗੁਰੂਗ੍ਰਾਮ ਵਿੱਚ ਇੱਕ ਕਾਰੋਬਾਰੀ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ।