ਪਟਿਆਲਾ, 31 ਜੁਲਾਈ
ਭਾਰਤੀ ਸਟਾਰ ਸਾਈਕਲਿਸਟ ਐਸੋ ਨੇ ਯੂਨੀਅਨ ਸਾਈਕਲਿਸਟ ਇੰਟਰਨੈਸ਼ਨਲ (ਯੂਸੀਆਈ) ਦੀ ਜੂਨੀਅਰ ਵਰਗ ਦੀ ਵਿਸ਼ਵ ਰੈਂਕਿੰਗਜ਼ ਵਿੱਚ ਪਹਿਲਾ ਸਥਾਨ ਮੱਲਿਆ ਹੈ। ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਉਂਕਾਰ ਸਿੰਘ ਨੇ ਦੱਸਿਆ ਕਿ 17 ਸਾਲਾ ਐਸੋ ਨੇ ਏਸ਼ੀਅਨ ਟਰੈਕ ਚੈਂਪੀਅਨਸ਼ਿਪ, ਕੋਟਬੂਜ਼ਰ ਸਪ੍ਰਿੰਟ ਕੱਪ ਅਤੇ ਜੀਪੀ ਬਰੋਨੋ ਟਰੈਕ ਸਾਈਕਲ ਦੇ ਪੁਰਸ਼ ਜੂਨੀਅਰ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਮੱਲਿਆ ਹੈ। ਉਹ ਗਰੌਸਟਰ ਪ੍ਰੀਸ ਵੌਨ ਡਿਸ਼ਨੇਲੈਂਡ ਇਮ ਸਪਰੀਟੈਂਟ ਜੀਪੀ ਪੁਰਸ਼ ਜੂਨੀਅਰ (ਸਪ੍ਰਿੰਟ, ਕੇਅਰਿਨ) ਈਵੈਂਟ ਵਿੱਚ ਤੀਜੇ ਸਥਾਨ ’ਤੇ ਰਿਹਾ ਸੀ। ਇਹ ਮੁਕਾਬਲੇ ਜਿੱਤਣ ਦਾ ਫ਼ਾਇਦਾ ਉਸ ਨੂੰ ਰੈਂਕਿੰਗਜ਼ ਵਿੱਚ ਚੋਟੀ ਦਾ ਸਥਾਨ ਹਾਸਲ ਕਰਨ ਵਿੱਚ ਮਿਲਿਆ ਹੈ। ਉਹ ਪਹਿਲਾ ਭਾਰਤੀ ਸਾਈਕਲਿਸਟ ਹੈ, ਜੋ ਇਸ ਮੁਕਾਮ ’ਤੇ ਪੁੱਜਿਆ ਹੈ|
ਐਸੋ ਨੇ ਇਸ ਦਾ ਸਿਹਰਾ ਆਪਣੇ ਕੋਚ ਆਰਕੇ ਸ਼ਰਮਾ ਨੂੰ ਦਿੱਤਾ ਹੈ। ਆਰਕੇ ਸ਼ਰਮਾ ਭਾਰਤੀ ਸਾਈਕਲਿੰਗ ਟੀਮ ਦੇ ਚੀਫ ਕੋਚ ਵੀ ਹਨ। ਸਾਈਕਲ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ, ਜਗਰੂਪ ਸਿੰਘ ਜਰਖੜ (ਡਾਇਰੈਕਟਰ ਜਰਖੜ ਹਾਕੀ), ਨਰਿੰਦਰਪਾਲ ਸਿੱਧੂ ਏਆਈਜੀ,  ਜਗਦੀਪ ਸਿੰਘ ਕਾਹਲੋਂ, ਹਰਪਿੰਦਰ ਸਿੰਘ, ਸੁਖਜਿੰਦਰ ਸਿੰਘ ਪਟਵਾਰੀ, ਕਮਲਪ੍ਰੀਤ ਸ਼ਰਮਾ, ਸਤਨਾਮ ਸਿੰਘ ਮਾਨ ਨੇ ਸ਼ੁਭ ਇਛਾਵਾਂ ਦਿੱਤੀਆਂ ਹਨ|