ਲੰਡਨ, 28 ਜੂਨ
ਡੇਵਿਡ ਵਾਰਨਰ (66), ਟਰੈਵਿਸ ਹੈੱਡ (77) ਤੇ ਸਟੀਵ ਸਮਿੱਥ (ਨਾਬਾਦ 79) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਆਸਟਰੇਲੀਆ ਅੱਜ ਇਥੇ ਮੇਜ਼ਬਾਨ ਇੰਗਲੈਂਡ ਖਿਲਾਫ਼ ਲਾਰਡਜ਼ ਦੇ ਮੈਦਾਨ ’ਤੇ ਖੇਡੇ ਐਸ਼ੇਜ਼ ਲੜੀ ਦੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ 80 ਓਵਰਾਂ ਵਿੱਚ 332/5 ਦੇ ਸਕੋਰ ਨਾਲ ਮਜ਼ਬੂਤ ਸਥਿਤੀ ਵਿੱਚ ਪੁੱਜ ਗਿਆ ਹੈ। ਆਖਰੀ ਖ਼ਬਰਾਂ ਤੱਕ ਸਟੀਵ ਸਮਿਥ 79 ਦੌੜਾਂ ਤੇ ਐਲਕਸ ਕੈਰੀ 10 ਦੌੜਾਂ ਨਾਲ ਕਰੀਜ਼ ’ਤੇ ਟਿਕੇ ਹੋਏ ਸਨ। ਮੇਜ਼ਬਾਨ ਇੰਗਲੈਂਡ ਲਈ ਜੋਸ਼ ਟੰਗ ਤੇ ਜੋਅ ਰੂਟ ਨੇ 2-2 ਲਈਆਂ ਜਦੋਂਕਿ ਇਕ ਵਿਕਟ ਓਲੀ ਰੌਬਿਨਸਨ ਦੇ ਹਿੱਸੇ ਆਈ। ਆਸਟਰੇਲੀਆ ਲਈ ਟਰੈਵਿਸ ਹੈੱਡ ਨੇ 77 ਤੇ ਡੇਵਿਡ ਵਾਰਨਰ ਨੇ 66 ਦੌੜਾਂ ਬਣਾਈਆਂ। ਆਸਟਰੇਲੀਆ ਲੜੀ ਦਾ ਪਹਿਲਾ ਟੈਸਟ ਮੈਚ ਜਿੱਤ ਕੇ 1-0 ਨਾਲ ਅੱਗੇ ਹੈ। ਇਸ ਤੋਂ ਪਹਿਲਾਂ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟਰੇਲੀਅਨ ਟੀਮ ਨੇ ਬੱਲੇਬਾਜ਼ੀ ਕਰਦਿਆਂ ਪਹਿਲੇ ਵਿਕਟ ਲਈ 23 ਓਵਰਾਂ ਵਿੱਚ 73 ਦੌੜਾਂ ਦੀ ਭਾਈਵਾਲੀ ਕੀਤੀ। ਖਰਾਬ ਮੌਸਮ ਕਰਕੇ ਪਹਿਲੇ ਸੈਸ਼ਨ ਵਿੱਚ ਫਲੱਡ ਲਾਈਟਾਂ ਦੀ ਰੌਸ਼ਨੀ ਵਿੱਚ ਕੁਝ ਓਵਰਾਂ ਦੀ ਖੇਡ ਹੋਈ।