ਅਮਰੀਕੀ ਅਰਬਪਤੀ ਐਲੋਨ ਮਸਕ ਨੇ ਯੂਐਸਏਆਈਡੀ (ਯੂਨਾਈਟਿਡ ਸਟੇਟਸ ਏਜੰਸੀ ਫ਼ਾਰ ਇੰਟਰਨੈਸ਼ਨਲ ਡਿਵੈਲਪਮੈਂਟ) ਦੇ ਕਰਮਚਾਰੀਆਂ ਨਾਲ ਸਬੰਧਤ ਇਕ ਖ਼ਬਰ ਨੂੰ ਰੀ-ਟਵੀਟ ਕਰਦੇ ਹੋਏ ਕਿਹਾ ਕਿ ਯੂਐਸਏਆਈਡੀ ਇਕ ਅਪਰਾਧਕ ਸੰਗਠਨ ਹੈ, ਜਿਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ।
ਮਸਕ ਨੇ ਐਕਸ ’ਤੇ ਇਕ ਪੋਸਟ ਵਿਚ ਲਿਖਿਆ, ‘‘ਯੂਐਸਏਆਈਡੀ ਇਕ ਅਪਰਾਧਕ ਸੰਗਠਨ ਹੈ। ਇਸ ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ।’’ ਉਨ੍ਹਾਂ ਨੇ ਉਸ ਪੋਸਟ ਦੇ ਜਵਾਬ ਵਿਚ ਇਹ ਬਿਆਨ ਦਿਤਾ ਜਿਸ ਵਿਚ ਜ਼ਿਕਰ ਕੀਤਾ ਗਿਆ ਸੀ ਕਿ ਯੂਐਸਏਆਈਡੀ ਦੇ ਸੀਨੀਅਰ ਅਧਿਕਾਰੀਆਂ ਨੂੰ ਛੁੱਟੀ ’ਤੇ ਭੇਜ ਦਿਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਸਰਕਾਰੀ ਕੁਸ਼ਲਤਾ ਵਿਭਾਗ (ਡੀਓਜੀਈ) ਦੇ ਅਧਿਕਾਰੀਆਂ ਨੂੰ ਏਜੰਸੀ ਸਿਸਟਮ ਤਕ ਪਹੁੰਚਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ।

ਦਰਅਸਲ, ਯੂਐਸਏਆਈਡੀ ਦੇ ਅਧਿਕਾਰੀਆਂ ਨੇ ਟਰੰਪ ਪ੍ਰਸ਼ਾਸਨ ਦੇ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ੈਂਸੀ (ਡੀਓਜੀਈ) ਨੂੰ ਕਿਸੇ ਵੀ ਤਰ੍ਹਾਂ ਦੀ ਸੰਵੇਦਨਸ਼ੀਲ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿਤਾ ਸੀ। ਜਿਸ ਤੋਂ ਬਾਅਦ ਯੂਐਸਏਆਈਡੀ ਦੇ ਦੋ ਅਧਿਕਾਰੀਆਂ ਨੂੰ ਛੁੱਟੀ ’ਤੇ ਭੇਜ ਦਿਤਾ ਗਿਆ ਹੈ। ਐਲੋਨ ਮਸਕ ਡੀਓਜੀਈ ਦੀ ਕਮਾਨ ਸੰਭਾਲ ਰਹੇ ਹਨ ਅਤੇ ਉਹ ਅਮਰੀਕਾ ਦੇ ਸਰਕਾਰੀ ਖ਼ਰਚਿਆਂ ਨੂੰ ਘਟਾਉਣ ਲਈ ਪੂਰੀ ਲਗਨ ਨਾਲ ਕੋਸ਼ਿਸ਼ ਕਰ ਰਹੇ ਹਨ। ਮਸਕ ਨੇ ਯੂਐਸਏਆਈਡੀ ਦੇ ਦੋ ਅਧਿਕਾਰੀਆਂ ਦੀ ਬਰਖ਼ਾਸਤਗੀ ਦੀ ਖ਼ਬਰ ਸਾਂਝੀ ਕਰਦਿਆਂ ਲਿਖਿਆ ਕਿ ‘‘ਇਹ ਇਕ ਅਪਰਾਧਿਕ ਸੰਗਠਨ ਹੈ, ਜਿਸ ਨੂੰ ਨਸ਼ਟ ਕੀਤਾ ਜਾਣਾ ਚਾਹੀਦਾ ਹੈ।’’

ਯੂਐਸਏਆਈਡੀ ਸੰਗਠਨ ਸੰਘਰਸ਼ਾਂ ਤੋਂ ਪ੍ਰਭਾਵਤ ਦੂਜੇ ਦੇਸ਼ਾਂ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਵੱਖ-ਵੱਖ ਤਰੀਕਿਆਂ ਨਾਲ ਮਦਦ ਕਰਦਾ ਹੈ। ਇਸ ਏਜੰਸੀ ਦਾ ਬਜਟ 50 ਬਿਲੀਅਨ ਡਾਲਰ ਤੋਂ ਵੱਧ ਹੈ ਅਤੇ ਇਹ 1961 ਵਿਚ ਬਣੀ ਸੀ। ਇਸ ਦੇ ਬੰਦ ਹੋਣ ਨਾਲ ਵਿਦੇਸ਼ਾਂ ਤੋਂ ਮਿਲਣ ਵਾਲੀ ਸਹਾਇਤਾ ’ਤੇ ਭਾਰੀ ਅਸਰ ਪੈ ਸਕਦਾ ਹੈ। ਟਰੰਪ ਪਹਿਲਾਂ ਹੀ ਡਬਲਊਐਚਓ ਤੋਂ ਪਿੱਛੇ ਹਟ ਚੁੱਕੇ ਹਨ ਅਤੇ ਕਈ ਦੇਸ਼ਾਂ ਨੂੰ ਦਿਤੀ ਜਾਣ ਵਾਲੀ ਸਹਾਇਤਾ ਵਿਚ ਕਟੌਤੀ ਕਰਨ ਦਾ ਐਲਾਨ ਕਰ ਚੁੱਕੇ ਹਨ।

ਟਰੰਪ ਦੇ ਨਿਸ਼ਾਨੇ ’ਤੇ ਯੂ.ਐਸ.ਏ.ਆਈ.ਡੀ
ਟਰੰਪ ਪ੍ਰਸ਼ਾਸਨ ਅਪਣੇ ਵੱਡੇ ਬਦਲਾਅ ਤੋਂ ਬਾਅਦ ਯੂ.ਐਸ.ਏ.ਆਈ.ਡੀ. ਨੂੰ ਨਿਸ਼ਾਨਾ ਬਣਾ ਰਿਹਾ ਹੈ। ਪਿਛਲੇ ਹਫ਼ਤੇ ਤਿੰਨ ਪੰਨਿਆਂ ਦੀ ਚਿੱਠੀ ਵਿਚ ਇਹ ਪ੍ਰਗਟਾਵਾ ਹੋਇਆ ਸੀ ਕਿ ਰਾਸ਼ਟਰਪਤੀ ਟਰੰਪ ਇਸ ਸੰਗਠਨ ਨੂੰ ਵਿਦੇਸ਼ ਵਿਭਾਗ ਦੇ ਅਧੀਨ ਇਕ ਸ਼ਾਖਾ ਵਿਚ ਰਲੇਵਾਂ ਕਰਨ ਬਾਰੇ ਵਿਚਾਰ ਕਰ ਰਹੇ ਹਨ। ਹਾਲ ਹੀ ਦੇ ਦਿਨਾਂ ਵਿਚ ਕਈ ਫ਼ੈਡਰਲ ਵੈੱਬਸਾਈਟਾਂ ਬੰਦ ਹੋ ਗਈਆਂ, ਜਿਨ੍ਹਾਂ ’ਚ ਯੂ.ਐਸ.ਏ.ਆਈ.ਡੀ. ਦੀ ਵੈੱਬਸਾਹੀਟ ਵੀ ਸ਼ਾਮਲ ਹੈ।