ਐਮਸਟਰਡੈਮ, 28 ਅਕਤੂਬਰ
ਨੀਦਰਲੈਂਡ ਦੀ ਰਾਜਧਾਨੀ ਐਮਸਟਰਡੈਮ ਦੀਆਂ ਨਹਿਰਾਂ ਵਿੱਚ ਹੁਣ ਬਿਨਾਂ ਮਲਾਹ ਤੋਂ ਹੀ ਕਿਸ਼ਤੀਆਂ ਚੱਲਣਗੀਆਂ। ਇਨ੍ਹਾਂ ਰਿਮੋਟ-ਕੰਟਰੋਲ ਕਿਸ਼ਤੀਆਂ ਦਾ ਆਕਾਰ ਛੋਟੀ ਕਾਰ ਜਿਨਾਂ ਹੋਵੇਗਾ ਜਿਨ੍ਹਾਂ ਵਿੱਚ ਯਾਤਰੀ ਬੈਠ ਸਕਣਗੇ ਜਾਂ ਇਨ੍ਹਾਂ ਕਿਸ਼ਤੀਆਂ ਰਾਹੀਂ ਵਪਾਰਕ ਵਸਤਾਂ ਦੀ ਵੀ ਢੋਆ-ਢੁਆਈ ਕੀਤੀ ਜਾ ਸਕੇਗੀ। ਬਿਜਲੀ ਨਾਲ ਚੱਲਣ ਵਾਲੀਆਂ ਇਨ੍ਹਾਂ ਕਿਸ਼ਤੀਆਂ ਨੂੰ ਰੋਬੋਟ (roboat) ਦਾ ਨਾਂ ਦਿੱਤਾ ਗਿਆ ਹੈ ਤੇ ਇਨ੍ਹਾਂ ਕਿਸ਼ਤੀਆਂ ਦੇ ਟਰਾਇਲ ਜਾਰੀ ਹਨ। ਐਮਸਟਰਡੈਮ ਦੀ ਇੰਸਟੀਚਿਊਟ ਫਾਰ ਐਡਵਾਂਸਡ ਮੈਟਰੋਪਾਲੀਟਨ ਸਾਲਿਊਸ਼ਨਜ਼ ਦੇ ਇਨੋਵੇਸ਼ਨ ਡਾਇਰੈਕਟਰ ਸਟੀਫਨ ਨੇ ਦੱਸਿਆ ਕਿ ਇਹ ਕਿਸ਼ਤੀਆਂ ਮੈਸਾਚਿਊਸੈੱਟਸ ਇਸਟੀਚਿਊਟ ਆਫ ਟੈਕਨਾਲੋਜੀ ਦੇ ਇੰਜਨੀਅਰਿੰਗ ਸਹਿਯੋਗ ਨਾਲ ਬਣਾਈਆਂ ਗਈਆਂ ਹਨ। ਇਨ੍ਹਾਂ ਕਿਸ਼ਤੀਆਂ ਨੂੰ ਚਲਾਉਣ ਵਾਲੇ ਰੋਬੋਟਜ਼ ਨੂੰ ਐਮਸਟਰਡੈਮ ਦੇ ਵਾਟਰ ਟਰੈਫਿਕ ਸਿਸਟਮ ਨਾਲ ਜੋੜਿਆ ਜਾਵੇਗਾ ਤਾਂ ਕਿ ਇਹ ਕਿਸ਼ਤੀਆਂ ਆਪਸ ਵਿੱਚ ਨਾ ਟਕਰਾਉਣ।