ਟੋਰਾਂਟੋ, ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਲੀਡਰਸ਼ਿਪ ਦੀ ਦੌੜ ’ਚ ਪੰਜਾਬੀ ਦੀ ਸ਼ਮੂਲੀਅਤ ਨੇ ਦਿਲਚਸਪੀ ਬਣਾਈ ਹੋਈ ਹੈ। ਉਂਟਾਰੀਓ ਦੇ ਵਿਧਾਇਕ ਅਤੇ ਸੂਬਾਈ ਪਾਰਟੀ ਦੇ ਡਿਪਟੀ ਲੀਡਰ ਜਗਮੀਤ ਸਿੰਘ ਨੇ ਮਈ ’ਚ ਕੌਮੀ ਨੇਤਾ ਦੀ ਦੌੜ ’ਚ ਆਉਣ ਦਾ ਐਲਾਨ ਕਰਦਿਆਂ ਆਪਣੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਉਹ ਐਨਡੀਪੀ ਦਾ ਪਹਿਲਾ ਅੰਮ੍ਰਿਤਧਾਰੀ ਐਮਐਲਏ ਹੈ ਜਿਸ ਦੇ ਕੈਨੇਡਾ ਦੇ ਸਿਆਸੀ ਅੰਬਰ ’ਤੇ ਉਭਰਨ ਦੇ ਆਸਾਰ ਬਣੇ ਹੋਏ ਹਨ। ਉਸ ਤੋਂ ਇਲਾਵਾ ਤਿੰਨ ਹੋਰ ਉਮੀਦਵਾਰ ਇਸ ਦੌੜ ਵਿੱਚ ਹਨ ਪਰ ਜਗਮੀਤ ਸਿੰਘ ਨੇ ਬਾਕੀਆਂ ਨਾਲੋਂ ਵੱਧ ਹਮਾਇਤ ਅਤੇ ਚੋਣ ਫੰਡ ਇਕੱਠੇ ਕਰ ਲਏ ਹਨ। ਉਧਰ ਮਾਹਿਰਾਂ ਦਾ ਮੰਨਣਾ ਹੈ ਕਿ ਐਨਡੀਪੀ ਅਹੁਦੇ ਲਈ ਉਸ ਦੀ ਜਿੱਤ ਯਕੀਨੀ ਨਹੀਂ ਮੰਨੀ ਜਾ ਸਕਦੀ। ਵੋਟਾਂ ’ਚ ਅਜੇ ਦੋ ਮਹੀਨੇ ਪਏ ਹਨ ਅਤੇ ਬਹੁਤ ਕੁਝ ਬਦਲ ਸਕਦਾ ਹੈ। ਜ਼ਿਕਰਯੋਗ ਹੈ ਕਿ 1984 ਦੇ ਸਿੱਖ ਕਤਲੇਆਮ ਅਤੇ ਮਨੁੱਖੀ ਹੱਕਾਂ ਦੀ ਵਕਾਲਤ ਕਾਰਨ ਉਸ ਨੂੰ ਭਾਰਤ ਸਰਕਾਰ ਨੇ ਵੀਜ਼ਾ ਨਹੀਂ ਦਿੱਤਾ ਸੀ। ਅੰਦਰੂਨੀ ਸੂਤਰਾਂ ਮੁਤਾਬਕ ਕੁਝ ਧੜੇ ਉਸ ਦੀ ਮੁਹਿੰਮ ਦੀ ਖ਼ਿਲਾਫ਼ਤ ’ਚ ਸਰਗਰਮ ਹਨ। ਪੇਸ਼ੇਵਰ ਵਕੀਲ ਜਗਮੀਤ ਸਿੰਘ (38) 2011 ’ਚ ਸਿਆਸਤ ’ਚ ਆਇਆ ਜਿਸ ਨੇ ਤੇਜ਼ਤਰਾਰ ਸਿਆਸਤਦਾਨ ਵਜੋਂ ਪਾਰਟੀ ਵਿੱਚ ਨਵੀਂ ਰੂਹ ਫੂਕੀ ਹੈ। ਪਾਰਟੀ ਦੇ ਸਾਬਕਾ ਨੀਤੀਵਾਨ ਰਾਬਿਨ ਮੈਕਲਾਕਲਨ ਮੁਤਾਬਕ ਜਗਮੀਤ ਸਿੰਘ ਦੀ ਮੁਹਿੰਮ ਸਿਆਸੀ ਮੁਹਾਂਦਰਾ ਬਦਲ ਸਕਦੀ ਹੈ ਅਤੇ ਉਹ ਮੁਲਕ ਦਾ ਪ੍ਰਧਾਨ ਮੰਤਰੀ ਵੀ ਬਣ ਸਕਦਾ ਹੈ। 17 ਅਗਸਤ ਤਕ ਬਣੇ ਮੈਂਬਰ ਵੋਟ ਪਾ ਸਕਣਗੇ।