ਐਡੀਲੇਡ, 28 ਸਤੰਬਰ
ਇੱਥੇ ਸਰਦਾਰ ਹਰੀ ਸਿੰਘ ਨਲੂਆ ਸਪੋਰਟਸ ਕਲੱਬ ਸਾਊਥ ਆਸਟ੍ਰੇਲੀਆ ਵੱਲੋਂ ‘ਪੰਜਾਬੀ ਬੋਲੀ, ਸਿੱਖ ਇਤਿਹਾਸ ਅਤੇ ਪਰਵਾਸ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਲੇਖਕਾਂ, ਬੁੱਧੀਜੀਵੀਆਂ, ਸਮਾਜਿਕ ਚਿੰਤਕਾਂ ਤੇ ਸਿੱਖ ਕੌਮ ਦੇ ਪ੍ਰਚਾਰਕਾਂ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਬਾਰੇ ਦੱਸਦਿਆਂ ਸਿੱਖ ਕੌਮ ਦੇ ਮਹਾਨ ਯੋਧਿਆਂ ਦਾ ਜ਼ਿਕਰ ਕੀਤਾ ਅਤੇ ਸਿੱਖੀ ਸਿਧਾਤਾਂ ’ਤੇ ਵਿਚਾਰ ਰੱਖੇ। ਉਨ੍ਹਾਂ ਪੰਜਾਬੀ ਬੱਚਿਆਂ ਨੂੰ ਆਪਣੀ ਸੱਭਿਅਤਾ ਨਾਲ ਜੋੜਨ ਲਈ ਬਾਹਰਲੇ ਮੁਲਕਾਂ ਵਿੱਚ ਵੱਸ ਰਹੇ ਪੰਜਾਬੀ ਪਰਿਵਾਰਾਂ ਨੂੰ ਆਪਣੇ ਘਰਾਂ ਵਿੱਚ ਬੱਚਿਆਂ ਨਾਲ ਪੰਜਾਬੀ ਬੋਲਣ ਸਮੇਤ ਬੱਚਿਆਂ ਨੂੰ ਪੰਜਾਬੀ ਲਿਖਣ ਤੇ ਪੜ੍ਹਾਉਣ ’ਤੇ ਜ਼ੋਰ ਦਿੱਤਾ। ਇਸ ਦੌਰਾਨ ਬੱਚਿਆਂ ਵਿੱਚ ਦਸਤਾਰ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਪ੍ਰਦਰਸ਼ਨੀ ਦੌਰਾਨ ਪੰਜਾਬੀ ਪੁਸਤਕਾਂ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਸ ਦੌਰਾਨ ਸਰਦਾਰ ਹਰੀ ਸਿੰਘ ਨਲੂਆ ਸਪੋਰਟਸ ਕਲੱਬ ਸਾਊਥ ਆਸਟ੍ਰੇਲੀਆ ਦੇ ਨੁਮਾਇੰਦਿਆਂ ਨੇ ਭਵਿੱਖ ਵਿੱਚ ਐਡੀਲੇਡ ਵਿੱਚ ਪੰਜਾਬੀ ਲਾਇਬ੍ਰੇਰੀ ਖੋਲ੍ਹਣ ਦਾ ਵੀ ਜ਼ਿਕਰ ਕੀਤਾ।