ਬਟਾਲਾ, ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿੱਚ ਹਾਲਾਤ ਅੱਜ ਉਸ ਸਮੇਂ ਤਣਾਅਪੂਰਨ ਬਣ ਗਏ ਜਦੋਂ ਐਕਸਾਈਜ਼ ਵਿਭਾਗ ਦੀ ਇੱਕ ਗੱਡੀ ਨੇ ਦੋ ਨੌਜਵਾਨਾਂ ਨੂੰ ਕਥਿਤ ਤੌਰ ’ਤੇ ਕੁਚਲ ਦਿੱਤਾ ਤੇ ਉਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ। ਦੋਵੇਂ ਮ੍ਰਿਤਕ ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ ਨਾਲ ਸਬੰਧਤ ਦੱਸੇ ਜਾਂਦੇ ਹਨ। ਘਟਨਾ ਤੋਂ ਬਾਅਦ ਭੜਕੇ ਲੋਕਾਂ ਨੇ ਸ਼ਰਾਬ ਦੇ ਠੇਕਿਆਂ ਅਤੇ ਗੱਡੀਆਂ ਨੂੰ ਅੱਗ ਲਗਾ ਦਿੱਤੀ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਇਹ ਸਭ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਪੁਲੀਸ ਨੇ ਇਸ ਘਟਨਾ ’ਚ ਮਾਰੇ ਗਏ ਸੁਬੇਗ ਸਿੰਘ (33) ਪੁੱਤਰ ਰਛਪਾਲ ਸਿੰਘ ਵਾਸੀ ਕੋਟ ਲਖਪਤ ਰਾਏ (ਡੇਰਾ ਬਾਬਾ ਨਾਨਕ) ਅਤੇ ਸੰਜੀਵ ਕੁਮਾਰ ਪੁੱਤਰ ਤਰਸੇਮ ਲਾਲ (30) ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ 5 ਜਣਿਆਂ ਖ਼ਿਲਾਫ਼ ਧਾਰਾ 302 ਹੇਠ ਕੇਸ ਦਰਜ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਬਾਬਾ ਨਾਨਕ ਤੋਂ 2 ਕਿਲੋਮੀਟਰ ਦੂਰ ਫਤਹਿਗੜ੍ਹ ਚੂੜੀਆਂ ਸੜਕ ’ਤੇ ਪਿੰਡ ਮੂਲੋਵਾਲੀ ’ਚ ਐਕਸਾਈਜ਼ ਵਿਭਾਗ ਦੀ ਗੱਡੀ ਨੇ ਉਕਤ ਸਕੂਟਰੀ ਸਵਾਰ ਨੌਜਵਾਨਾਂ ਨੂੰ ਕਥਿਤ ਤੌਰ ’ਤੇ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ’ਚ ਦੋਵੇਂ ਨੌਜਵਾਨ ਹਲਾਕ ਹੋ ਗਏ। ਇਸ ਘਟਨਾ ਦਾ ਪਤਾ ਲੱਗਣ ’ਤੇ ਸ਼ਹਿਰ ਦੇ ਲੋਕਾਂ ਨੇ ਗੁੱਸੇ ’ਚ ਆ ਕੇ ਸ਼ਰਾਬ ਦੇ ਠੇਕੇ ਅਤੇ ਐਕਸਾਈਜ਼ ਵਿਭਾਗ ਦੀਆਂ ਗੱਡੀਆਂ ਸਾੜ ਦਿੱਤੀਆਂ। ਇਸ ਦੌਰਾਨ ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ। ਨੌਜਵਾਨਾਂ ਦੀਆਂ ਲਾਸ਼ਾਂ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ। ਪੀੜਤ ਪਰਿਵਾਰਾਂ ਨੇ ਕਿਹਾ ਕਿ ਪੁਲੀਸ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ, ਲਾਸ਼ਾਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ।
ਮ੍ਰਿਤਕ ਸੁਬੇਗ ਸਿੰਘ ਦੇ ਚਾਚਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡੇਰਾ ਬਾਬਾ ਨਾਨਕ ’ਚ ਠੇਕਿਆਂ ਦਾ ਇੰਚਾਰਜ ਨਿਰਮਲ ਸਿੰਘ ਰੰਧਾਵਾ ਬਾਜ਼ਪੁਰ (ਉਤਰ ਪ੍ਰਦੇਸ਼) ਤੋਂ ਹੈ ਤੇ ਉਸ ਨੇ ਹੀ ਕਥਿਤ ਰੰਜਿਸ਼ ਤਹਿਤ ਨੌਜਵਾਨਾਂ ਦਾ ਕਤਲ ਕਰਵਾਇਆ ਹੈ। ਉਸ ਨੇ ਦੱਸਿਆ ਕਿ ਉਸ ਦਾ ਮ੍ਰਿਤਕ ਭਤੀਜਾ ਵੀ ਪਹਿਲਾਂ ਐਕਸਾਈਜ਼ ਵਿਭਾਗ ਰਮਦਾਸ (ਅੰਮ੍ਰਿਤਸਰ) ’ਚ ਕੰਮ ਕਰਦਾ ਰਿਹਾ ਹੈ। ਇੱਕ ਹੋਰ ਪੀੜਤ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਦੀ ਤੇਜ਼ ਰਫ਼ਤਾਰ ਗੱਡੀ ਨੇ ਨੌਜਵਾਨਾਂ ਦੀ ਸਕੂਟਰੀ ਨੂੰ ਟੱਕਰ ਮਾਰੀ। ਦੋਵਾਂਂ ਨੌਜਵਾਨਾਂ ਨੇ ਉੱਠਣ ਦਾ ਯਤਨ ਕੀਤਾ, ਪਰ ਚਾਲਕ ਨੇ ਗੱਡੀ ਬੈਕ ਕਰਕੇ ਕਥਿਤ ਤੌਰ ’ਤੇ ਦੋਵਾਂ ਉਪਰ ਚਾੜ੍ਹ ਦਿੱਤੀ। ਥਾਣਾ ਡੇਰਾ ਬਾਬਾ ਨਾਨਕ ਪੁਲੀਸ ਨੇ ਪੀੜਤ ਪਰਿਵਾਰ ਦੇ ਬਿਆਨਾਂ ’ਤੇ ਡੇਰਾ ਬਾਬਾ ਨਾਨਕ ਦੇ ਸ਼ਰਾਬ ਦੇ ਠੇਕਿਆਂ ਦੇ ਇੰਚਾਰਜ ਨਿਰਮਲ ਸਿੰਘ ਰੰਧਾਵਾ ਤੋਂ ਇਲਾਵਾ ਉਸ ਦੇ ਕਰਿੰਦੇ ਅਮਨ (ਅੰਮ੍ਰਿਤਸਰ), ਸੁਰਜੀਤ ਸਿੰਘ (ਹਿਮਾਚਲ ਪ੍ਰਦੇਸ਼), ਗੱਡੀ ਦੇ ਡਰਾਈਵਰ ਬਿੱਲਾ (ਕਲਾਨੌਰ), ਜਗਤਾਰ ਸਿੰਘ ਪਿੰਡ ਕੰਗ (ਥਾਣਾ ਧਾਰੀਵਾਲ) ਅਤੇ 5 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਭੜਕੀ ਭੀੜ ਨੇ ਐਕਸਾਈਜ਼ ਵਿਭਾਗ ਦੀਆਂ ਦੋ ਗੱਡੀਆਂ, ਸ਼ਰਾਬ ਦੇ ਦੋ ਠੇਕੇ ਸਾੜ ਦਿੱਤੇ ਤੇ ਦਾਣਾ ਮੰਡੀ ਸਾਹਮਣੇ ਕਰਿੰਦਿਆਂ ਦੀ ਕਿਰਾਏ ਦੀ ਰਿਹਾਇਸ਼ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।
ਸਥਾਨਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਨੇ ਵਾਪਰੀ ਘਟਨਾ ’ਤੇ ਦੁੱਖ ਜਤਾਉਂਦਿਆਂ ਕਿਹਾ ਕਿ ਇਸ ਦੋਵੇਂ ਨੌਜਵਾਨ ਕਥਿਤ ਸਾਜ਼ਿਸ਼ ਤਹਿਤ ਹੀ ਕਤਲ ਕੀਤੇ ਗਏ ਹਨ।
ਬਟਾਲਾ ਦੇ ਐਸਐਸਪੀ ਨਾਲ ਵਾਰ ਵਾਰ ਸੰਪਰਕ ਕੀਤੇ ਜਾਣ ਦਾ ਯਤਨ ਕੀਤਾ ਗਿਆ ਪਰ ਉਨ੍ਹਾਂ ਫੋਨ ਨਹੀ ਚੁੱਕਿਆ ।ਡੇਰਾ ਬਾਬਾ ਨਾਨਕ ਥਾਣਾ ਮੁੱਖੀ ਅਵਤਾਰ ਸਿੰਘ ਨੇ ਦੱਸਿਆ ਕਿ ਦੋਵਾਂ ਪੀੜਤ ਪਰਿਵਾਰਾਂ ਦੇ ਦੇ ਬਿਆਨਾ ’ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਪੰਜ ਟੀਮਾਂ ਦਾ ਗਠਨ ਕਰਕੇ ਵੱਖ ਥਾਵਾਂ ’ਤੇ ਭੇਜੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨਗਰ ਵਿੱਚ ਸਥਿਤੀ ਕਾਬੂ ਹੇਠ ਹੈ । ਉਨ੍ਹਾਂ ਆਸ ਜਤਾਈ ਕਿ ਕਥਿਤ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪੀੜਤਾਂ ਨੂੰ ਸੌਂਪ ਦਿੱਤੀਆਂ ਗਈਆਂ।