ਓਟਵਾ, 18 ਨਵੰਬਰ : ਇਮੀਗ੍ਰੇਸ਼ਨ ਨਾ ਸਿਰਫ ਸਾਡੀਆਂ ਕਮਿਊਨਿਟੀਜ਼ ਲਈ ਹੀ ਚੰਗੀ ਹੈ ਸਗੋਂ ਸਾਡੇ ਅਰਥਚਾਰੇ ਲਈ ਵੀ ਬਹੁਤ ਵਧੀਆ ਹੈ। ਇਹ ਬੇਹੱਦ ਜ਼ਰੂਰੀ ਹੈ। ਇਸੇ ਲਈ ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਚੱਲ ਰਹੀ ਲੇਬਰ ਦੀ ਘਾਟ ਨੂੰ ਖ਼ਤਮ ਕਰਨ ਲਈ ਨਵੇਂ ਇਮੀਗ੍ਰੈਂਟਸ ਦਾ ਸਵਾਗਤ ਕਰਨ ਦਾ ਫੈਸਲਾ ਕੀਤਾ ਹੈ ਜਿਹੜੇ ਸਾਡੇ ਅਰਥਚਾਰੇ ਦੀ ਮਦਦ ਲਈ ਆਪਣੇ ਨਾਲ ਹੁਨਰ ਦਾ ਪਿਟਾਰਾ ਵੀ ਲਿਆਉਣਗੇ।
ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਵੱਲੋਂ ਨੈਸ਼ਨਲ ਓਕਿਊਪੇਸ਼ਨਲ ਕਲਾਸੀਫਿਕੇਸ਼ਨ (ਐਨਓਸੀ) 2021 ਲਾਗੂ ਕਰਨ ਦਾ ਐਲਾਨ ਕੀਤਾ ਗਿਆ। ਇਹ ਇਮੀਗ੍ਰੇਸ਼ਨ ਪ੍ਰੋਗਰਾਮ ਐਕਸਪ੍ਰੈੱਸ ਐਂਟਰੀ ਸਿਸਟਮ ਤਹਿਤ ਮੈਨੇਜ ਕੀਤੇ ਜਾਣਗੇ।ਐਨਓਸੀ ਦੀਆਂ ਨਵੀਆਂ ਵੰਨਗੀਆਂ ਦੀ ਵਰਤੋਂ ਕਰਨ ਨਾਲ ਕੈਨੇਡਾ ਨੂੰ ਹੈਲਥ ਕੇਅਰ, ਕੰਸਟ੍ਰਕਸ਼ਨ ਤੇ ਟਰਾਂਸਪੋਰਟੇਸ਼ਨ ਵਰਗੇ ਸੈਕਟਰਜ਼ ਲਈ ਗਲੋਬਲ ਟੇਲੈਂਟ ਹਾਸਲ ਹੋ ਸਕੇਗਾ।
ਐਕਸਪ੍ਰੈੱਸ ਐਂਟਰੀ ਵਿੱਚ 16 ਨਵੇਂ ਕਿੱਤੇ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਵਿੱਚ ਨਰਸ ਏਡਜ਼, ਲਾਂਗ ਟਰਮ ਕੇਅਰ ਏਡਜ਼, ਹਸਪਤਾਲ ਅਟੈਂਡੈਂਟਸ, ਐਲੀਮੈਂਟਰੀ ਤੇ ਸੈਕੰਡਰੀ ਸਕੂਲ ਟੀਚਰ ਅਸਿਸਟੈਂਟਸ ਤੇ ਟਰਾਂਸਪੋਰਟ ਟਰੱਕ ਡਰਾਈਵਰ ਆਦਿ ਮੁੱਖ ਹਨ।
ਐਨਓਸੀ ਸਿਸਟਮ ਦੀ ਵਰਤੋਂ ਕੈਨੇਡੀਅਨ ਲੇਬਰ ਮਾਰਕਿਟ ਵਿੱਚ ਹਰ ਕਿਸਮ ਦੀ ਜੌਬ ਤਲਾਸ਼ਣ ਤੇ ਉਸ ਦਾ ਟਰੈਕ ਰੱਖਣ ਲਈ ਕੀਤੀ ਜਾ ਸਕਦੀ ਹੈ। ਇਹ ਅਰਚਥਾਰੇ ਵਿੱਚ ਹੋਣ ਵਾਲੀਆਂ ਤਬਦੀਲੀਆਂ ਦੇ ਨਾਲ ਨਾਲ ਕੰਮ ਦੀ ਤਫਸੀਲ ਬਾਰੇ ਵੀ ਜਾਣਕਾਰੀ ਦਿੰਦਾ ਹੈ।