ਕੋਲੰਬੋ, 15 ਜੁਲਾਈ
ਭਾਰਤ ‘ਏ’ ਨੇ ਅੱਜ ਇੱਥੇ ਏਸੀਸੀ ਪੁਰਸ਼ ਐਮਰਜਿੰਗ ਕੱਪ ਦੇ ਸ਼ੁਰੂਆਤੀ ਮੈਚ ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ) ‘ਏ’ ਉੱਤੇ ਅੱਠ ਵਿਕਟਾਂ ਨਾਲ ਜਿੱਤ ਦਰਜ ਕੀਤੀ। ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 41 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ, ਜਦਕਿ ਯਸ਼ ਢੁੱਲ ਨੇ 108 ਦੌੜਾਂ ਦੀ ਨਾਬਾਦ ਪਾਰੀ ਖੇਡੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਯੂਏਈ ਦੀ ਟੀਮ ਤੈਅ 50 ਓਵਰਾਂ ਵਿੱਚ ਨੌਂ ਵਿਕਟਾਂ ’ਤੇ ਸਿਰਫ਼ 175 ਦੌੜਾਂ ਹੀ ਬਣਾ ਸਕੀ। ਰਾਣਾ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੇ ਤੇਜ਼ ਗੇਂਦਬਾਜ਼ ਨਿਤੀਸ਼ ਕੁਮਾਰ ਰੈਡੀ ਤੇ ਮਾਨਵ ਸੁਥਾਰ ਨੇ ਦੋ ਦੋ ਵਿਕਟਾਂ ਹਾਸਲ ਕੀਤੀਆਂ। ਭਾਰਤੀ ਟੀਮ ਨੇ ਸਿਰਫ਼ 26.3 ਓਵਰਾਂ ਵਿੱਚ ਦੋ ਵਿਕਟਾਂ ਪਿੱਛੇ 179 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ। ਅਸ਼ਵੰਤ ਵਾਲਥਾਪਾ ਨੇ 46 ਦੌੜਾਂ, ਸਲਾਮੀ ਬੱਲੇਬਾਜ਼ ਆਰਿਅੰਸ਼ ਸ਼ਰਮਾ ਨੇ 38 ਅਤੇ ਮੁਹੰਮਦ ਫਰਾਜ਼ੂਦੀਨ ਨੇ 35 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ‘ਏ’ ਨੇ ਟੀਚੇ ਦਾ ਪਿੱਛਾ ਕਰਦਿਆਂ ਆਪਣੇ ਦੋਵੇਂ ਸਲਾਮੀ ਬੱਲੇਬਾਜ਼ ਸਾਈ ਸੁਦਰਸ਼ਨ (ਅੱਠ) ਤੇ ਅਭਿਸ਼ੇਕ ਸ਼ਰਮਾ (19 ਦੌੜਾਂ) ਦੀਆਂ ਵਿਕਟਾਂ ਛੇ ਓਵਰਾਂ ਵਿੱਚ ਹੀ ਗੁਆ ਲਈਆਂ ਸਨ। ਉਸ ਸਮੇਂ ਟੀਮ ਦਾ ਸਕੋਰ 41 ਦੌੜਾਂ ਸੀ। ਢੁੱਲ ਤੇ ਨਿਕਿਨ ਜੋਸ (ਨਾਬਾਦ 41 ਦੌੜਾਂ) ਨੇ ਤੀਸਰੇ ਵਿਕਟ ਲਈ 138 ਦੌੜਾਂ ਦੀ ਭਾਈਵਾਲੀ ਨਾਲ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਢੁੱਲ ਨੇ 84 ਗੇਂਦਾਂ ਦੀ ਨਾਬਾਦ ਪਾਰੀ ਦੌਰਾਨ 20 ਚੌਕੇ ਤੇ ਇੱਕ ਛਿੱਕਾ ਜੜਿਆ। ਯੂਏਈ ਲਈ ਅਲੀ ਨਸੀਰ ਨੇ 14 ਦੌੜਾਂ ਦੇ ਕੇ ਅਤੇ ਮੁਹੰਮਦ ਜਵਾਦੁੱਲ੍ਹਾ ਨੇ 47 ਦੌੜਾਂ ਦੇ ਕੇ ਇੱਕ-ਇੱਕ ਵਿਕਟ ਹਾਸਲ ਕੀਤੀ। ਭਾਰਤ ‘ਏ’ ਹੁਣ 17 ਜੁਲਾਈ ਨੂੰ ਨੇਪਾਲ ‘ਏ’ ਨਾਲ ਭਿੜੇਗਾ।