ਭੁਵਨੇਸ਼ਵਰ, 26 ਨਵੰਬਰ

ਟੋਕੀਓ ਓਲੰਪਿਕਸ ਵਿੱਚ ਕਾਂਸੀ ਤਮਗਾ ਜੇਤੂ ਕਪਤਾਨ ਮਨਪ੍ਰੀਤ ਸਿੰਘ ਅਗਲੇ ਮਹੀਨੇ ਢਾਕਾ ‘ਚ ਹੋਣ ਵਾਲੀ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ‘ਚ ਭਾਰਤ ਦੀ 20 ਮੈਂਬਰੀ ਪੁਰਸ਼ ਹਾਕੀ ਟੀਮ ਦੀ ਕਪਤਾਨੀ ਕਰੇਗਾ, ਜਦਕਿ ਤਜਰਬੇਕਾਰ ਗੋਲਕੀਪਰ ਪੀਆਰ ਸ਼੍ਰੀਜੇਸ਼ ਟੀਮ ‘ਚ ਨਹੀਂ ਹੈ। ਸਟਾਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਟੀਮ ਦੇ ਉਪ ਕਪਤਾਨ ਹੋਣਗੇ। ਇਹ ਟੂਰਨਾਮੈਂਟ 14 ਤੋਂ 22 ਦਸੰਬਰ ਤੱਕ ਖੇਡਿਆ ਜਾਵੇਗਾ। ਟੋਕੀਓ ਓਲੰਪਿਕ ਤੋਂ ਬਾਅਦ ਭਾਰਤ ਦਾ ਇਹ ਪਹਿਲਾ ਟੂਰਨਾਮੈਂਟ ਹੈ ਅਤੇ ਟੀਮ ‘ਚ ਕਈ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸ਼੍ਰੀਜੇਸ਼ ਨੂੰ ਆਰਾਮ ਦਿੱਤਾ ਗਿਆ ਹੈ ਅਤੇ ਗੋਲਕੀਪਿੰਗ ਕੇਬੀ ਪਾਠਕ ਅਤੇ ਸੂਰਜ ਕਰਕੇਰਾ ਕੋਲ ਹੋਵੇਗੀ। ਡਿਫੈਂਸ ਵਿੱਚ ਹਰਮਨਪ੍ਰੀਤ ਸਿੰਘ, ਗੁਰਿੰਦਰ ਸਿੰਘ, ਜਰਮਨਪ੍ਰੀਤ ਸਿੰਘ, ਨੀਲਮ ਸੰਜੀਪ ਸੈਸ, ਦੀਪਸਨ ਟਿਰਕੀ, ਵਰੁਣ ਕੁਮਾਰ ਅਤੇ ਮਨਦੀਪ ਮੋਰ ਹੋਣਗੇ। ਮਿਡਫੀਲਡ ਦੀ ਕਮਾਨ ਮਨਪ੍ਰੀਤ, ਹਾਰਦਿਕ ਸਿੰਘ, ਜਸਕਰਨ ਸਿੰਘ, ਸੁਮਿਤ, ਰਾਜਕੁਮਾਰ ਪਾਲ, ਸ਼ਮਸ਼ੇਰ ਸਿੰਘ ਅਤੇ ਅਕਾਸ਼ਦੀਪ ਸਿੰਘ ਕਰਨਗੇ। ਫਾਰਵਡ ਕਤਾਰ ਵਿੱਚ ਲਲਿਤ ਉਪਾਧਿਆਏ, ਦਿਲਪ੍ਰੀਤ ਸਿੰਘ, ਗੁਰਸਾਹਿਬਜੀਤ ਸਿੰਘ, ਸ਼ਿਲਾਨੰਦ ਲਾਕੜਾ ਹੋਣਗੇ। ਮੌਜੂਦਾ ਚੈਂਪੀਅਨ ਭਾਰਤ ਪਹਿਲੇ ਦਿਨ ਕੋਰੀਆ ਦਾ ਸਾਹਮਣਾ ਕਰੇਗਾ। ਜਾਪਾਨ, ਮਲੇਸ਼ੀਆ, ਪਾਕਿਸਤਾਨ ਅਤੇ ਬੰਗਲਾਦੇਸ਼ ਵੀ ਟੂਰਨਾਮੈਂਟ ਵਿੱਚ ਖੇਡਣਗੇ।