ਅਬੂਧਾਬੀ, 7 ਜਨਵਰੀ
ਭਾਰਤ ਦੇ ਸਟਾਰ ਖਿਡਾਰੀ ਸੁਨੀਲ ਸ਼ੇਤਰੀ ਵੱਲੋਂ ਕੀਤੇ ਦੋ ਗੋਲਾਂ ਦੀ ਬਦੌਲਤ ਭਾਰਤ ਨੇ ਇੱਥੇ ਏਸ਼ੀਆ ਕੱਪ ਫੁਟਬਾਲ ਦੇ ਵਿਚ ਥਾਈਲੈਂਡ ਨੂੰ 4-1 ਗੋਲਾਂ ਦੇ ਨਾਲ ਹਰਾ ਦਿੱਤਾ ਹੈ। ਭਾਰਤ ਦੀ 1964 ਤੋਂ ਬਾਅਦ ਏਸ਼ੀਆ ਕੱਪ ਦੇ ਵਿਚ ਇਹ ਪਹਿਲੀ ਜਿੱਤ ਹੈ।
ਸ਼ੇਤਰੀ ਜੋ ਕਿ ਆਪਣਾ ਦੂਜਾ ਏਸ਼ੀਆ ਕੱਪ ਖੇਡ ਰਿਹਾ ਹੈ, ਨੇ ਮੈਚ ਦੇ 27ਵੇਂ ਮਿੰਟ ਦੇ ਵਿਚ ਪੈਨਲਟੀ ਰਾਹੀਂ ਭਾਰਤ ਲਈ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਉਸ ਨੇ ਮੈਚ ਦੇ 46ਵੇਂ ਮਿੰਟ ਦੇ ਵਿਚ ਫਿਰ ਗੋਲ ਠੋਕ ਦਿੱਤਾ। ਭਾਰਤ ਦੀ ਤਰਫੋਂ ਮਿਡ ਫੀਲਡਰ ਅਨਿਰੁੱਧ ਥਾਪਾ ਅਤੇ ਦੂਜੇ ਅੱਧ ਵਿਚ ਬਦਲਵੇਂ ਖਿਡਾਰੀ ਜੀ ਜੇ ਲਾਲੀ ਪੇਖਲੂਆ ਨੇ ਮੈਚ ਦੇ 68ਵੇਂ ਅਤੇ 80ਵੇਂ ਮਿੰਟ ਵਿਚ ਗੋਲ ਠੋਕ ਕੇ ਥਾਈਲੈਂਡ ਨੂੰ ਅਲ ਨਹਿਆਨ ਸਟੇਡੀਅਮ ਦੇ ਵਿਚ ਬੇਵਸ ਕਰ ਦਿੱਤਾ। 34 ਸਾਲ ਦੇ ਸ਼ੇਤਰੀ ਨੇ ਅੰਤਰਾਰਸ਼ਟਰੀ ਪੱਧਰ ਉੱਤੇ ਗੋਲ ਕਰਨ ਦੇ ਰਿਕਾਰਡ ਵਿਚ ਲਿਓਨਲ ਮੈਸੀ ਨੂੰ ਪਿੱਛੇ ਛੱਡ ਦਿੱਤਾ, ਜਿਸ ਨੇ ਹੁਣ ਤੱਕ 65 ਗੋਲ ਕੀਤੇ ਹਨ। ਸ਼ੇਤਰੀ ਦੇ ਗੋਲਾਂ ਦੀ ਗਿਣਤੀ 67 ਹੋ ਗਈ ਹੈ। ਥਾਈਲੈਂਡ ਦੇ ਵੱਲੋਂ ਇੱਕੋ ਇੱਕ ਗੋਲ ਕੈਪਟਨ ਤੀਰਾਸਿਲ ਦਾਂਗਦਾ ਨੇ ਮੈਚ ਦੇ 33ਵੇਂ ਮਿੰਟ ਵੀ ਕੀਤਾ। ਇਸ ਤਰ੍ਹਾਂ ਭਾਰਤ ਨੇ ਲੰਬੇ ਸਮੇਂ ਬਾਅਦ ਗਰੁੱਪ ਏ ਦੇ ਵਿਚ ਜੇਤੂ ਸ਼ੁਰੂਆਤ ਕਰਕੇ ਭਾਰਤੀ ਫੁਟਬਾਲ ਦੇ ਸੁਨਹਿਰੀ ਭਵਿੱਖ ਦੀ ਦਸਤਕ ਦੇ ਦਿੱਤੀ ਹੈ।