ਨਵੀਂ ਦਿੱਲੀ, 2 ਜਨਵਰੀ
ਭਾਰਤੀ ਫੁਟਬਾਲ ਟੀਮ ਦੇ ਸਾਬਕਾ ਕਪਤਾਨ ਭਾਈਚੁੰਗ ਭੂਟੀਆ ਨੇ ਕਿਹਾ ਹੈ ਕਿ ਭਾਰਤ ਦੇ ਕੋਲ ਏਸ਼ਿਆਈ ਕੱਪ ਦੇ ਦੂਜੇ ਗੇੜ ਵਿਚ ਪੁੱਜਣ ਦਾ 50 ਫੀਸਦੀ ਮੌਕਾ ਹੋਵੇਗਾ। ਇਹ ਟੂਰਨਾਮੈਂਟ 5 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ ਅਤੇ 2 ਫਰਵਰੀ ਤੱਕ ਚੱਲੇਗਾ। ਸੁਨੀਲ ਸ਼ੇਤਰੀ ਦੀ ਅਗਵਾਈ ਵਿਚ ਗਈ ਟੀਮ ਤੋਂ ਉਮੀਦਾਂ ਬਾਰੇ ਗੱਲ ਕਰਦਿਆਂ 42 ਸਾਲਾ ਭੂਟੀਆ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਭਾਰਤੀ ਟੀਮ ਜਿਸ ਗਰੁੱਪ ਦੇ ਵਿਚ ਸ਼ਾਮਲ ਹੈ, ਉਹ ਕਾਫੀ ਚੰਗਾ ਹੈ ਅਤੇ ਸਖਤ ਮੁਕਾਬਲਿਆਂ ਦੀ ਆਸ ਕੀਤੀ ਜਾਂਦੀ ਹੈ। ਇਸ ਗਰੁੱਪ ਦੇ ਵਿਚ ਥਾਈਲੈਂਡ, ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਦੀਆਂ ਟੀਮਾਂ ਸ਼ਾਮਲ ਹਨ। ਦੂਜੇ ਗੇੜ ਦੇ ਪੁੱਜਣ ਲਈ ਸਾਡੇ ਕੋਲ ਪੰਜਾਹ ਫੀਸਦੀ ਮੌਕਾ ਹੈ। ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੀ ਵੈਬਸਾਈਟ ਉੱਤੇ ਦਿੱਤੇ ਬਿਆਨ ਅਨੁਸਾਰ ਉਨ੍ਹਾਂ ਕਿਹਾ ਕਿ ਇਹ ਸਭ ਖਿਡਾਰੀਆਂ ਦੀ ਮਿਹਨਤ ਉੱਤੇ ਨਿਰਭਰ ਕਰਦਾ ਹੈ ਅਤੇ ਇਸ ਦੇ ਵਿਚ ਥੋੜ੍ਹਾ ਕਿਸਮਤ ਦਾ ਰੋਲ ਵੀ ਹੈ। ਉਸ ਨੇ ਕਿਹਾ ਕਿ ਟੀਮ ਨੂੰ ਪੂਰਾ ਜ਼ੋਰ ਲਾ ਦੇਣਾ ਚਾਹੀਦਾ ਹੈ ਅਤੇ ਟੂਰਨਾਮੈਂਟ ਦਾ ਹਿੱਸਾ ਹੋਣ ਦਾ ਲੁਤਫ਼ ਲੈਣਾ ਚਾਹੀਦਾ ਹੈ।ਸਿੱਕਮ ਦੇ ਇਸ ਖਿਡਾਰੀ ਨੇ ਕਿਹਾ ਕਿ ਉਹ ਖ਼ੁਦ ਨੂੰ ਕਿਸਮਤ ਦਾ ਧਨੀ ਸਮਝਦਾ ਹੈ ਕਿ ਉਸਨੂੰ ਐੱਮ ਵਿਜ਼ੀਅਨ ਅਤੇ ਸ਼ੇਤਰੀ ਦੋਵਾਂ ਦੇ ਨਾਲ ਖੇਡਣ ਦਾ ਮੌਕਾ ਮਿਲਿਆ ਹੈ।