ਨਵੀਂ ਦਿੱਲੀ, 19 ਜੂਨ

ਓਲੰਪੀਅਨ ਸੀਏ ਭਵਾਨੀ ਦੇਵੀ ਨੇ ਅੱਜ ਚੀਨ ਦੇ ਵੁਕਸੀ ਵਿੱਚ ਏਸ਼ਿਆਈ ਤਲਵਾਰਬਾਜ਼ੀ ਚੈਂਪੀਅਨਸ਼ਿਪ ਦੇ ਮਹਿਲਾ ਸੇਬਰ ਮੁਕਾਬਲੇ ਦੇ ਸੈਮੀ ਫਾਈਨਲ ’ਚ ਹਾਰਨ ਦੇ ਬਾਵਜੂਦ ਕਾਂਸੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਇਹ ਇਸ ਮੁਕਾਬਲੇ ਵਿੱਚ ਭਾਰਤ ਦਾ ਅੱਜ ਤੱਕ ਦਾ ਪਹਿਲਾ ਤਗ਼ਮਾ ਹੈ।

ਸੈਮੀ ਫਾਈਨਲ ਵਿੱਚ ਭਵਾਨੀ ਨੂੰ ਉਜ਼ਬੇਕਿਸਤਾਨ ਦੀ ਜ਼ੈਨਬ ਡਾਈਬੈਕੋਵਾ ਖ਼ਿਲਾਫ਼ ਸਖਤ ਮੁਕਾਬਲੇ ਵਿੱਚ 14-15 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਇਸ ਵੱਕਾਰੀ ਮੁਕਾਬਲੇ ਵਿੱਚ ਭਾਰਤ ਲਈ ਪਹਿਲਾ ਤਗ਼ਮਾ ਯਕੀਨੀ ਬਣਾਇਆ। ਭਵਾਨੀ ਨੇ ਕੁਆਰਟਰ ਫਾਈਨਲ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਜਪਾਨ ਦੀ ਮਿਸਾਕੀ ਐਮੂਰਾ ਨੂੰ 15-10 ਨਾਲ ਹਰਾ ਕੇ ਉਲਟਫੇਰ ਕੀਤਾ ਸੀ। ਮਿਸਾਕੀ ਖ਼ਿਲਾਫ਼ ਭਵਾਨੀ ਦੀ ਇਹ ਪਹਿਲੀ ਜਿੱਤ ਸੀ। ਮਿਸਾਕੀ ਨੇ ਵਿਸ਼ਵ ਤਲਵਾਰਬਾਜ਼ੀ ਚੈਂਪੀਅਨਸ਼ਿਪ 2022 ਵਿੱਚ ਮਹਿਲਾ ਸੇਬਰ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਸੀ।

ਭਾਰਤੀ ਤਲਵਾਰਬਾਜ਼ੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਭਵਾਨੀ ਨੂੰ ਉਸ ਦੀ ਇਤਿਹਾਸਕ ਪ੍ਰਾਪਤੀ ’ਤੇ ਵਧਾਈ ਦਿੱਤੀ ਹੈ। ਮਹਿਤਾ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਇਹ ਭਾਰਤੀ ਤਲਵਾਰਬਾਜ਼ੀ ਲਈ ਬੇਹੱਦ ਮਾਣ ਵਾਲਾ ਦਿਨ ਹੈ। ਭਵਾਨੀ ਨੇ ਉਹ ਕੀਤਾ ਹੈ ਜੋ ਕਿ ਇਸ ਤੋਂ ਪਹਿਲਾਂ ਕੋਈ ਹੋਰ ਨਹੀਂ ਕਰ ਸਕਿਆ। ਉਹ ਵੱਕਾਰੀ ਏਸ਼ਿਆਈ ਚੈਂਪੀਅਨਸ਼ਿਪ ਜਿੱਤਣ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਹੈ। ਸਮੁੱਚੇ ਤਲਵਾਰਬਾਜ਼ਾਂ ਵੱਲੋਂ ਮੈਂ ਉਸ ਨੂੰ ਵਧਾਈ ਦਿੰਦਾ ਹਾਂ।’’