ਲੰਡਨ, 20 ਨਵੰਬਰ

ਡੈਨਿਲ ਮੈਦਵੇਦੇਵ ਨੇ ਏਟੀਪੀ ਫਾਈਨਲਜ਼ ਟੈਨਿਸ ਟੂਰਨਾਮੈਂਟ ’ਚ ਪੰਜ ਵਾਰ ਦੇ ਜੇਤੂ ਨੋਵਾਕ ਜੋਕੋਵਿਕ ਖ਼ਿਲਾਫ਼ ਇਕਪਾਸੜ ਜਿੱਤ ਹਾਸਲ ਕਰਦਿਆਂ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। ਰੂਸ ਦੇ ਖ਼ਿਡਾਰੀ ਮੈਦਵੇਦੇਵ ਨੇ ਬੁੱਧਵਾਰ ਹੋਏ ਮੈਚ ਵਿੱਚ ਜੋਕੋਵਿਚ ਨੂੰ ਸਿੱਧੇ ਸੈੱਟਾਂ ਵਿੱਚ 6-3, 6-3 ਨਾਲ ਹਰਾ ਕੇ ਗਰੁੱਪ ਗੇੜ ਦੇ ਮੈਚਾਂ ’ਚ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ। ਪਿਛਲੇ ਵਰ੍ਹੇ ਡੈਬਿਊ ਕਰਦਿਆਂ ਆਪਣੇ ਤਿੰਨੇ ਮੈਚ ਹਾਰਨ ਵਾਲੇ ਮੈਦਵੇਦੇਵ ਦੀ ਜੋਕੋਵਿਚ ਖ਼ਿਲਾਫ਼ ਪਿਛਲੇ ਚਾਰ ਮੁਕਾਬਲਿਆਂ ’ਚੋਂ ਇਹ ਤੀਜੀ ਜਿੱਤੀ ਹੈ। ਦੂਜੇ ਪਾਸੇ ਜੇਕਰ ਸਰਬੀਆ ਦਾ ਜੋਕੋਵਿਚ ਸ਼ੁੱਕਰਵਾਰ ਨੂੰ ‘ਕਰੋ ਜਾਂ ਮਰੋ’ ਵਾਲੇ ਮੁਕਾਬਲੇ ’ਚ 2018 ਦੇ ਚੈਂਪੀਅਨ ਅਲੈਗਜ਼ੈਂਡਰ ਜ਼ਵੇਰੇਵ ਨੂੰ ਹਰਾ ਦਿੰਦਾ ਹੈ ਤਾਂ ਉਹ ਆਖਰੀ ਚਾਰ ’ਚ ਜਗ੍ਹਾ ਬਣਾ ਸਕਦਾ ਹੈ। ਜ਼ਵੇਰੇਵ ਨੇ ਡਿਏਗੋ ਸ਼ਵਾਰਟਜ਼ਮੈਨ ਨੂੰ 6-3, 4-6, 6-3 ਨਾਲ ਹਰਾ ਕੇ ਟੂਰਨਾਮੈਂਟ ’ਚ ਆਪਣੀਆਂ ਆਸਾਂ ਕਾਇਮ ਰੱਖੀਆਂ ਹਨ।