ਲੰਡਨ, 18 ਨਵੰਬਰ
ਡੌਮੀਨੀਕ ਥੀਮ ਨੇ ਮੌਜੂਦਾ ਚੈਂਪੀਅਨ ਅਲੈਗਜੈਂਡਰ ਜੈਵੇਰੇਵ ਨੂੰ ਹਰਾ ਕੇ ਏਟੀਪੀ ਫਾਈਨਲਜ਼ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ, ਜਿੱਥੇ ਉਸ ਦੀ ਟੱਕਰ ਸਟੈਫਨੋਸ ਸਿਟਸਿਪਾਸ ਨਾਲ ਹੋਵੇਗੀ। ਸਿਟਸਿਪਾਸ ਨੇ ਇੱਕ ਹੋਰ ਫਾਈਨਲ ਵਿੱਚ ਸਵਿਟਜ਼ਰਲੈਂਡ ਦੇ ਸਟਾਰ ਖਿਡਾਰੀ ਰੋਜਰ ਫੈਡਰਰ ਨੂੰ ਹਰਾਇਆ ਹੈ। ਆਸਟਰੀਆ ਦੇ ਪੰਜਵਾਂ ਦਰਜਾ ਪ੍ਰਾਪਤ ਥੀਮ ਨੇ ਸ਼ਨਿੱਚਰਵਾਰ ਨੂੰ ਖੇਡੇ ਗਏ ਸੈਮੀ-ਫਾਈਨਲ ਵਿੱਚ ਜਰਮਨੀ ਦੇ ਜੈਵੇਰੇਵ ਨੂੰ 7-5, 6-3 ਨਾਲ ਹਰਾਇਆ। ਇਸ ਤੋਂ ਪਹਿਲਾਂ ਯੂਨਾਨ ਦੇ ਸਿਟਸਿਪਾਸ ਨੇ ਫੈਡਰਰ ਨੂੰ 6-3, 6-4 ਨਾਲ ਸ਼ਿਕਸਤ ਦਿੱਤੀ ਸੀ। ਸਿਟਸਿਪਾਸ ਪਹਿਲੀ ਵਾਰ ਇਸ ਟੂਰਨਾਮੈਂਟ ਵਿੱਚ ਖੇਡ ਰਿਹਾ ਹੈ। ਥੀਮ ਚੌਥੀ ਵਾਰ ਏਟੀਪੀ ਫਾਈਨਲਜ਼ ਖੇਡ ਰਿਹਾ ਹੈ, ਪਰ ਪਿਛਲੇ ਤਿੰਨ ਮੌਕਿਆਂ ’ਤੇ ਉਹ ਸਿਰਫ਼ ਤਿੰਨ ਮੈਚ ਜਿੱਤ ਸਕਿਆ ਸੀ ਅਤੇ ਕਦੇ ਗਰੁੱਪ ਗੇੜ ਤੋਂ ਅੱਗੇ ਨਹੀਂ ਵਧ ਸਕਿਆ ਸੀ। ਦੂਜੇ ਪਾਸੇ ਫੈਡਰਰ ਤੋਂ 17 ਸਾਲਾ ਛੋਟੇ ਸਿਟਸਿਪਾਸ ਨੇ ਇਸ 38 ਸਾਲਾ ਖਿਡਾਰੀ ਦੀਆਂ ਸੱਤਵੀਂ ਵਾਰ ਚੈਂਪੀਅਨ ਬਣਨ ਦੀਆਂ ਉਮੀਦਾਂ ਤੋੜ ਦਿੱਤੀਆਂ। ਸਵਿੱਸ ਖਿਡਾਰੀ ਨੇ ਹਾਰ ਮਗਰੋਂ ਕਿਹਾ, ‘‘ਮੈਂ ਪ੍ਰੇਸ਼ਾਨ ਹਾਂ ਕਿ ਮੈਂ ਬਿਹਤਰੀਨ ਪ੍ਰਦਰਸ਼ਨ ਨਹੀਂ ਕਰ ਸਕਿਆ ਜਦੋਂਕਿ ਮੈਂ ਵਾਪਸੀ ਲਈ ਸੰਘਰਸ਼ ਕੀਤਾ।’’