ਰਾਮਬਨ/ਜੰਮੂ, 14 ਦਸੰਬਰ

ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਅੱਜ ਇਕ ਵਾਹਨ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਡਿੱਗ ਗਿਆ, ਜਿਸ ਕਾਰਨ ਵਾਹਨ ਵਿੱਚ ਸਵਾਰ ਪੰਜ ਜਣਿਆਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਮਿ੍ਤਕਾਂ ਵਿੱਚ ਚਾਰ ਔਰਤਾਂ ਹਨ। ਇਹ ਸਾਰੇ ਬੀਤੇ ਦਿਨੀਂ ਅਤਿਵਾਦੀ ਹਮਲੇ ਵਿੱਚ ਮਾਰੇ ਗਏ ਜੰਮੂ ਕਸ਼ਮੀਰ ਪੁਲੀਸ ਦੇ ਮੁਲਾਜ਼ਮ ਏਐੱਸਆਈ ਗੁਲਾਮ ਹਸਨ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਬਾਅਦ ਘਰ ਪਰਤ ਰਹੇ ਸਨ। ਇਹ ਹਾਦਸਾ ਰਾਜਗੜ੍ਹ ਨਜ਼ਦੀਕ ਚੂਛੇਤਰ ਪਿੰਡ ਨੇੜੇ ਵਾਪਰਿਆ। ਰਾਮਬਨ ਦੇ ਡਿਪਟੀ ਕਮਿਸ਼ਨਰ ਮਸਰਤ ਉਲ ਇਸਲਾਮ ਨੇ ਦੱਸਿਆ ਕਿ ਡਰਾਈਵਰ ਵਾਹਨ ’ਤੋਂ ਕੰਟਰੋਲ ਗੁਆ ਬੈਠਾ ਤੇ ਵਾਹਨ 500 ਫੁੱਟ ਡੂੰਘੇ ਛਿਮੋਤਰੀ ਨਾਲੇ ਵਿੱਚ ਜਾ ਡਿੱਗਾ, ਜਿਸ ਕਾਰਨ ਵਾਹਨ ਵਿੱਚ ਸਵਾਰ ਪੰਜ ਜਣਿਆਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋ ਗਏ। ਇਕ ਜ਼ਖ਼ਮੀ ਨੂੰ ਰਾਮਬਨ ਦੇ ਜ਼ਿਲ੍ਹਾ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ, ਜਦੋਂ ਕਿ ਦੋ ਹੋਰ ਸਥਾਨਕ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਹਾਦਸੇ ਵਿੱਚ ਮਾਰੇ ਗਏ ਲੋਕ ਏਐੱਸਆਈ ਗੁਲਾਮ ਹਸਨ ਦੇ ਰਿਸ਼ਤੇਦਾਰ ਸਨ ਜੋ ਉਨ੍ਹਾਂ ਦੀ ਅੰਤਿਮ ਰਸਮ ਵਿੱਚ ਸ਼ਾਮਲ ਹੋਣ ਬਾਅਦ ਪਰਤ ਰਹੇ ਸਨ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ ਅਤੇ ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।