ਮਾਂਟਰੀਅਲ , 7 ਜੂਨ : ਏਅਰ ਕੈਨੇਡਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸੀਨੀਅਰ ਐਗਜ਼ੈਕਟਿਵਜ਼ ਵੱਲੋਂ ਆਪਣੇ 2020 ਦੇ ਬੋਨਸ ਮੋੜਨ ਦਾ ਫੈਸਲਾ ਕੀਤਾ ਗਿਆ ਹੈ।
ਇੱਕ ਨਿਊਜ਼ ਰਲੀਜ਼ ਵਿੱਚ ਏਅਰਲਾਈਨ ਨੇ ਆਖਿਆ ਕਿ ਏਅਰ ਕੈਨੇਡਾ ਦੇ ਪ੍ਰੈਜ਼ੀਡੈਂਟ ਤੇ ਸੀਈਓ ਦੇ ਨਾਲ ਨਾਲ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਨੇ ਆਪਣੇ ਬੋਨਸ ਮੋੜਨ ਦੀ ਚੋਣ ਕੀਤੀ ਹੈ। ਸਾਬਕਾ ਪ੍ਰੈਜ਼ੀਡੈਂਟ ਤੇ ਸੀਈਓ ਕੈਲਿਨ ਰੋਵਿਨੈਸਕੂ, ਜੋ ਕਿ ਫਰਵਰੀ 2021 ਵਿੱਚ ਰਿਟਾਇਰ ਹੋਏ, ਦਾ ਵੀ ਕਹਿਣਾ ਹੈ ਕਿ ਉਹ ਏਅਰ ਕੈਨੇਡਾ ਫਾਊਂਡੇਸ਼ਨ ਨੂੰ ਆਪਣੇ ਸੇ਼ਅਰ ਡੋਨੇਟ ਕਰ ਦੇਣਗੇ।ਇਸ ਬਿਆਨ ਵਿੱਚ ਮਿਡਲ ਮੈਨੇਜਰਜ਼ ਦਾ ਜਿ਼ਕਰ ਨਹੀਂ ਕੀਤਾ ਗਿਆ ਹੈ। ਇਨ੍ਹਾਂ ਦੇ ਬੋਨਸ 8 ਮਿਲੀਅਨ ਤੋਂ 10 ਮਿਲੀਅਨ ਡਾਲਰ ਤੱਕ ਬਣਦੇ ਹਨ। ਇਨ੍ਹਾਂ ਮੈਨੇਜਰਜ਼ ਨੇ ਆਪਣੇ ਬੋਨਸ ਮੋੜਨ ਦੀ ਕੋਈ ਗੱਲ ਨਹੀਂ ਕੀਤੀ।
ਏਅਰਲਾਈਨ ਵੱਲੋਂ ਆਪਣੇ ਐਗਜ਼ੈਕਟਿਵਜ਼ ਨੂੰ ਕਈ ਮਿਲੀਅਨ ਡਾਲਰ ਦੇ ਦਿੱਤੇ ਗਏ ਪੈਕੇਜਿਜ਼ ਉੱਤੇ ਫਾਇਨਾਂਸ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਵੀ ਬੁੱਧਵਾਰ ਨੂੰ ਇਤਰਾਜ਼ ਪ੍ਰਗਟਾਇਆ ਸੀ। ਉਨ੍ਹਾਂ ਆਖਿਆ ਸੀ ਕਿ ਇੱਕ ਪਾਸੇ ਤਾਂ ਏਅਰਲਾਈਨ ਫੈਡਰਲ ਸਰਕਾਰ ਤੋਂ ਸੰਕਟ ਦੀ ਇਸ ਘੜੀ ਵਿੱਚ ਆਰਥਿਕ ਮਦਦ ਲੈ ਰਹੀ ਹੈ ਤੇ ਦੂਜੇ ਪਾਸੇ ਇਸ ਕੀਮਤੀ ਪੈਸੇ ਨੂੰ ਇਸ ਤਰ੍ਹਾਂ ਖਰਚ ਕੀਤਾ ਜਾ ਰਿਹਾ ਹੈ ਜੋ ਕਿ ਸਹੀ ਨਹੀਂ ਹੈ। ਇਸ ਦੇ ਨਾਲ ਹੀ ਲੋਕਾਂ ਵੱਲੋਂ ਵੀ ਏਅਰਲਾਈਨ ਦੇ ਇਸ ਫੈਸਲੇ ਦੀ ਨੁਕਤਾਚੀਨੀ ਕੀਤੀ ਜਾ ਰਹੀ ਸੀ।
ਐਤਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਏਅਰਲਾਈਨ ਨੇ ਆਖਿਆ ਕਿ ਏਅਰ ਕੈਨੇਡਾ ਦੀ ਲੀਡਰਸਿ਼ਪ ਟੀਮ ਇਸ ਸਮੇਂ ਪੂਰੀ ਤਰ੍ਹਾਂ ਕੋਵਿਡ-19 ਮਹਾਂਮਾਰੀ ਤੋਂ ਉਭਰਨ ਦੀ ਕੋਸਿ਼ਸ਼ ਕਰ ਰਹੀ ਹੈ ਤੇ ਜਲਦ ਤੋਂ ਜਲਦ ਆਪਣੇ ਕਸਟਮਰਜ਼ ਦੇ ਪਰਤਣ ਦੀ ਵੀ ਉਮੀਦ ਲਾਈ ਬੈਠੀ ਹੈ। ਏਅਰਲਾਈਨ ਕੈਨੇਡਾ ਸਰਕਾਰ ਦੇ ਨਾਲ ਨਾਲ ਆਪਣੇ ਹੋਰਨਾ ਸਟੇਕਹੋਲਡਰਜ਼ ਨਾਲ ਕਈ ਮੁਹਾਜ਼ਾਂ ਉੱਤੇ ਰਲ ਕੇ ਕੰਮ ਕਰਨਾਂ ਜਾਰੀ ਰੱਖੇਗੀ। ਇਸ ਦੇ ਨਾਲ ਹੀ ਅਸੀਂ ਇੰਡਸਟਰੀ ਨੂੰ ਸੁਰੱਖਿਅਤ ਢੰਗ ਨਾਲ ਮੁੜ ਸ਼ੁਰੂ ਕਰਨਾ ਚਾਹੁੰਦੇ ਹਾਂ।