ਟੋਰਾਂਟੋ— ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟ ਵਲੋਂ ਦੋਸ਼ ਲਾਇਆ ਗਿਆ ਹੈ ਕਿ ਟ੍ਰੇਨਿੰਗ ਦੌਰਾਨ ਉਨ੍ਹਾਂ ਨੂੰ ਹਾਲਵੇਅ ‘ਚ ਖੜ੍ਹਾ ਕਰਕੇ ਉਨ੍ਹਾਂ ਦੀ ਦਿੱਖ ਬਾਰੇ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਦੌਰਾਨ ਉਨ੍ਹਾਂ ਦੇ ਸਰੀਰ, ਯੂਨੀਫਾਰਮ, ਉਨ੍ਹਾਂ ਦੇ ਮੇਕਅਪ ਤੇ ਉਨ੍ਹਾਂ ਦੇ ਨਹੁੰਆਂ ‘ਤੇ ਵੀ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ। ਅਟੈਂਡੈਂਟਸ ਨੂੰ ਉਨ੍ਹਾਂ ਦੀਆਂ ਅੱਖਾਂ ਤੇ ਸਰੀਰ ਦੇ ਰੰਗ ਬਾਰੇ ਵੀ ਜ਼ਲੀਲ ਕੀਤਾ ਜਾਂਦਾ ਹੈ।
ਇਸ ਸ਼ਿਕਾਇਤ ‘ਚ ਇਹ ਵੀ ਦੋਸ਼ ਲਾਇਆ ਗਿਆ ਕਿ ਇਕ ਫਲਾਈਟ ‘ਚ ਮੌਜੂਦ ਸਰਵਿਸ ਮੈਨੇਜਰ ਨੇ ਫਲਾਈਟ ਅਟੈਂਡੈਂਟ ਨੂੰ ਇਤਰਾਜ਼ਯੋਗ ਸ਼ਬਦ ਵੀ ਆਖੇ। ਇਕ ਗਰਭਵਤੀ ਫਲਾਈਟ ਅਟੈਂਡੈਂਟ ਨੂੰ ਸਰਵਿਸ ਮੈਨੇਜਰ ਨੇ ਆਖਿਆ ਕਿ ਉਸ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਉਸ ਦੀ ਗਰਭਅਵਸਥਾ ਕਾਰਨ ਉਸ ਦਾ ਮੂਡ ਨਕਾਰਾਤਮਕ ਰਹਿ ਸਕਦਾ ਹੈ, ਜਿਸ ਨਾਲ ਉਸ ਦੇ ਕੰਮ ਉੱਤੇ ਅਸਰ ਪੈ ਸਕਦਾ ਹੈ। ਹੋਰ ਸਰਵਿਸ ਮੈਨੇਜਰਜ਼ ਨੇ ਵੀ ਇਸੇ ਤਰ੍ਹਾਂ ਨਾਲ ਫਲਾਈਟ ਅਟੈਂਡੈਂਟ ਨੂੰ ਜ਼ਲੀਲ ਕੀਤਾ। ਇਸ ਸਭ ਤੋਂ ਤੰਗ ਆ ਕੇ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ ਦੀ ਏਅਰ ਕੈਨੇਡਾ ਦੀ ਇਕਾਈ ਵਲੋਂ ਕੈਨੇਡੀਅਨ ਹਿਊਮਨ ਰਾਈਟਜ਼ ਕਮਿਸ਼ਨ ਨੂੰ 13 ਪੰਨਿਆਂ ਦੀ ਸ਼ਿਕਾਇਤ ਦਿੱਤੀ ਗਈ, ਜਿਸ ‘ਚ ਤੰਗ ਪ੍ਰੇਸ਼ਾਨ ਤੇ ਵਿਤਕਰਾ ਕਰਨ ਦੇ ਵੀ ਦੋਸ਼ ਲਾਏ ਗਏ। ਹਲਾਂਕਿ ਹਿਊਮਨ ਰਾਈਟਜ਼ ਦੇ ਬੁਲਾਰੇ ਵਲੋਂ ਇਸ ਮਾਮਲੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ।
ਇਕ ਵੱਖਰੀ ਮੇਲ ‘ਚ ਏਅਰ ਕੈਨੇਡਾ ਪੀਟਰ ਫਿਟਜ਼ਪੈਟ੍ਰਿਕ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਿਸੇ ਵਤੀਰੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ।