ਵਾਸ਼ਿੰਗਟਨ, 16 ਫਰਵਰੀ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਇਤਿਹਾਸਕ ਏਅਰ ਇੰਡੀਆ-ਬੋਇੰਗ ਕਰਾਰ ਨਾਲ ਅਮਰੀਕਾ ਦੇ 44 ਸੂਬਿਆਂ ਵਿੱਚ 10 ਲੱਖ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ ਅਤੇ ਦੁਵੱਲੇ ਸਬੰਧ ਹੋਰ ਮਜ਼ਬੂਤ ਹੋਣਗੇ। ਦੱਸਣਯੋਗ ਹੈ ਕਿ ਬੋਇੰਗ ਅਤੇ ਏਅਰ ਇੰਡੀਆ ਨੇ ਮੰਗਲਵਾਰ ਨੂੰ ਇੱਕ ਸੌਦੇ ਦਾ ਐਲਾਨ ਕੀਤਾ ਹੈ ਜਿਸ ਤਹਿਤ ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰਲਾਈਨ 34 ਅਰਬ ਡਾਲਰ ਨਾਲ 190 ਬੀ737 ਐੱਮਏਐਕਸ, 20 ਬੀ 787 ਅਤੇ 10 ਬੀ777 ਐਕਸ ਸਣੇ ਕੁੱਲ 220 ਜਹਾਜ਼ ਖਰੀਦੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਕਰਾਰ ਬਾਰੇ ਚਰਚਾ ਕਰਦਿਆਂ ਬਾਇਡਨ ਨੇ ਕਿਹਾ ਕਿ ਉਹ ਭਾਰਤ ਤੇ ਅਮਰੀਕਾ ਵਿਚਾਲੇ ਦੁਵੱਲੇ ਸਬੰਧ ਹੋਰ ਗੂੜ੍ਹੇ ਕਰਨ ਵੱਲ ਦੇਖ ਰਹੇ ਹਨ। ਅਮਰੀਕੀ ਰਾਸ਼ਟਰਪਤੀ ਬਾਇਡਨ ਨੇ ਫੋਨ ’ਤੇ ਕਿਹਾ ਕਿ ਖਰੀਦ ਨਾਲ ਅਮਰੀਕਾ ਦੇ 44 ਸੂਬਿਆਂ ਵਿੱਚ 10 ਨੌਕਰੀਆਂ ਦੇ ਮੌਕੇ ਪੈਦਾ ਹੋਣਗੇ ਅਤੇ ਕਈਆਂ ਨੂੰ ਚਾਰ ਸਾਲਾ ਕਾਲਜ ਡਿਗਰੀ ਦੀ ਲੋੜ ਵੀ ਨਹੀਂ ਹੋਵੇਗੀ। ਏਅਰ ਇੰਡੀਆ ਦਾ ਇਹ ਬੋਇੰਗ ਨਾਲ ਕੀਮਤ ਦੇ ਮਾਮਲੇ ’ਚ ਤੀਜਾ ਸਭ ਤੋਂ ਵੱਡਾ ਅਤੇ ਜਹਾਜ਼ਾਂ ਦੀ ਗਿਣਤੀ ਦੀ ਮਾਮਲੇ ’ਚ ਦੂਜਾ ਸਭ ਤੋਂ ਵੱਡਾ ਕਰਾਰ ਹੈ। ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਚਰਚਾ ਦੌਰਾਨ ਸਾਂਝੀਆਂ ਤਰਜੀਹਾਂ ’ਤੇ ਸਹਿਯੋਗ ਅਤੇ ਅਮਰੀਕਾ-ਭਾਰਤ ਸਬੰਧੀ ਦੀ ਮਜ਼ਬੂਤੀ ਲਈ, ਦੋਵਾਂ ਦੇਸ਼ਾਂ ਦੇ ਵਿੱਤੀ ਵਿਕਾਸ ਤੇ ਤਾਲਮੇਲ ਵਧਾਉਣ ਕੁਆਡ ਵਰਗੇ ਸਮੂਹਾਂ ਵਿੱਚ ਰਲ ਕੇ ਕੰਮ ਕਰਦੇ ਰਹਿਣ ਦੀ ਵਚਨਬੱਧਤਾ ਵੀ ਦੁਹਰਾਈ।