ਪੇਸ਼ਾਵਰ, 7 ਜਨਵਰੀ

ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਉੱਤਰ-ਪੱਛਮੀ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿੱਚ ਅਤਿਵਾਦ ਅਤੇ ਅਗਵਾ ਦੀਆਂ ਵਧਦੀਆਂ ਘਟਨਾਵਾਂ ਖ਼ਿਲਾਫ਼ ਅੱਜ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕਰਦਿਆਂ ਇਲਾਕੇ ਵਿੱਚ ਤੁਰੰਤ ਸ਼ਾਂਤੀ ਬਹਾਲੀ ਦੀ ਮੰਗ ਕੀਤੀ। ਦੱਖਣੀ ਵਜ਼ੀਰਸਤਾਨ ਕਬਾਇਲੀ ਜ਼ਿਲ੍ਹੇ ਦੇ ਵਾਨਾ ਹੈੱਡਕੁਆਰਟਰ ’ਚ ਅੱਜ 5 ਹਜ਼ਾਰ ਤੋਂ ਵੱਧ ਕਬਾਇਲੀਆਂ ਨੇ ਇਲਾਕੇ ਵਿੱਚ ਅਸ਼ਾਂਤੀ, ਅਤਿਵਾਦ ਅਤੇ ਅਗਵਾ ਦੀਆਂ ਵਧਦੀਆਂ ਘਟਨਾਵਾਂ ਖ਼ਿਲਾਫ਼ ਰੈਲੀ ਕੱਢੀ। ਪਸ਼ਤੂਨ ਰਾਸ਼ਟਰਵਾਦੀ ਅਤੇ ਪਸ਼ਤੂਨ ਤਹੱਫੁਜ਼ ਮੂਵਮੈਂਟ (ਪੀਟੀਐੱਮ) ਦੇ ਨੇਤਾ ਮਨਜ਼ੂਰ ਪੁਸ਼ਤੀਨ ਨੇ ਆਖਿਆ ਕਿ ਅਸ਼ਾਂਤ ਮਾਹੌਲ ਕਾਰਨ ਵਪਾਰੀਆਂ ਅਤੇ ਨਿਵੇਸ਼ਕਾਂ ’ਚ ਖ਼ੌਫ਼ ਹੈ ਅਤੇ ਉਹ ਆਪਣੇ ਕਾਰੋਬਾਰ ਚਲਾਉਣ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਾਨੂੰਨ ਪ੍ਰਬੰਧ ਵਿੱਚ ਸੁਧਾਰ ਨਾ ਹੋਇਆ ਤਾਂ ਕਬਾਇਲੀ ਨੌਜਵਾਨ ਹਥਿਆਰ ਵੀ ਚੁੱਕ ਸਕਦੇ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਬਾਇਲੀ ਇਲਾਕਿਆਂ ਵਿੱਚ ਰਹਿੰਦੇ ਨਾਗਰਿਕਾਂ ਤੇ ਉਨ੍ਹਾਂ ਦੀਆਂ ਜਾਇਦਾਦਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ।