ਬਾਂਦਾ (ਉੱਤਰ ਪ੍ਰਦੇਸ਼), 30 ਜੂਨ
ਉੱਤਰ ਪ੍ਰਦੇਸ਼ ਵਿੱਚ ਬਾਂਦਾ ਜ਼ਿਲ੍ਹੇ ਦੇ ਬਾਬੇਰੂ ਕੋਤਵਾਲੀ ਇਲਾਕੇ ਵਿੱਚ ਸੜਕ ਹਾਦਸੇ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਵੀਰਵਾਰ ਰਾਤ ਕਰੀਬ 9.30 ਵਜੇ ਤੇਜ਼ ਰਫ਼ਤਾਰ ਬੋਲੈਰੋ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ ਜੀਪ ਵਿੱਚ ਸਵਾਰ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਵਿਅਕਤੀਆਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਸ਼ਕੀਲ (25), ਮੁਸ਼ਾਹਿਦ (24), ਮੁਹੰਮਦ ਕੈਫ (18), ਸ਼ਾਇਰਾਬਾਨੋ (37), ਕੱਲੂ (13), ਜਾਹਿਲ (25) ਵਜੋਂ ਹੋਈ ਹੈ, ਜਦਕਿ ਇਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਵੀਰਵਾਰ ਦੇਰ ਸ਼ਾਮ ਬਿਜਲੀ ਦਾ ਕਰੰਟ ਲੱਗਣ ਨਾਲ ਗੰਭੀਰ ਰੂਪ ਨਾਲ ਜ਼ਖਮੀ ਸ਼ੇਰਾਬਾਨੋ ਦੇ ਬੇਟੇ ਕੱਲੂ (13) ਨੂੰ ਉਸ ਦੇ ਰਿਸ਼ਤੇਦਾਰ ਜੀਪ ਰਾਹੀਂ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਜਾ ਰਹੇ ਸਨ, ਜਦੋਂ ਇੱਕ ਤੇਜ਼ ਰਫ਼ਤਾਰ ਜੀਪ ਨੇ ਸੜਕ ਕਿਨਾਰੇ ਖੜ੍ਹੇ ਟਰੱਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟਰੱਕ ਚਾਲਕ ਬਾਅਦ ਵਿੱਚ ਫ਼ਰਾਰ ਹੋ ਗਿਆ।