ਫਾਇਰ ਬ੍ਰਿਗੇਡ ਅਮਲੇ ਵੱਲੋਂ ਜੰਗਲਾਂ ’ਚ ਲੱਗੀ ਅੱਗ ਬੁਝਾਉਣ ਦੇ ਯਤਨ ਜਾਰੀ
ਕਾਸਟੇਕ (ਅਮਰੀਕਾ) : ਅਮਰੀਕਾ ਦੇ ਲਾਸ ਏਂਜਲਸ ਦੇ ਉੱਤਰੀ ਪਹਾੜੀ ਇਲਾਕੇ ’ਚ ਲੱਗੀ ਭਿਆਨਕ ਤੇ ਤੇਜ਼ੀ ਨਾਲ ਫੈਲ ਰਹੀ ਅੱਗ ਕਾਰਨ ਉਥੇ ਰਹਿੰਦੇ 50 ਹਜ਼ਾਰ ਤੋਂ ਵੱਧ ਲੋਕਾਂ ਨੂੰ ਜਗ੍ਹਾ ਖਾਲੀ ਕਰਨ ਦੇ ਹੁਕਮ ਜਾਂ ਚਿਤਾਵਨੀ ਜਾਰੀ ਕੀਤੀ ਗਈ ਹੈ। ਦੂਜੇ ਪਾਸੇ ਦੱਖਣੀ ਕੈਲੀਫੋਰਨੀਆ ’ਚ ਤੇਜ਼ ਹਵਾਵਾਂ ਦੋ ਥਾਵਾਂ ’ਤੇ ਪਹਿਲਾਂ ਭੜਕੀ ਅੱਗ ਹਾਲੇ ਤੱਕ ਬੁਝਾਈ ਨਹੀਂ ਜਾ ਸਕੀ।
ਲਾਸ ਏਂਜਲਸ ਕਾਊਂਟੀ ਦੇ ਫਾਇਰ ਬ੍ਰਿਗੇਡ ਮੁਖੀ ਐਂਥਨੀ ਮਾਰਰੋਨੇ ਨੇ ਬੁੱਧਵਾਰ ਸ਼ਾਮ ਨੂੰ ਕਿਹਾ, ‘‘ਅੱਜ ਦੀ ਸਥਿਤੀ ਪਿਛਲੇ 16 ਦਿਨਾਂ ਤੋਂ ਬਹੁਤ ਵੱਖਰੀ ਹੈ।’’ ਉਨ੍ਹਾਂ ਕਿਹਾ ਕਿ ਹਾਲਾਂਕਿ ਅੱਗ ’ਤੇ ਕਾਬੂ ਪਾਉਣਾ ਮੁਸ਼ਕਲ ਹੈ ਪਰ ਫਾਇਰ ਬ੍ਰਿਗੇਡ ਅਮਲਾ ਅੱਗ ਬੁਝਾਉਣ ’ਚ ਕਾਮਯਾਬ ਹੋ ਰਿਹਾ ਹੈ। ਅਧਿਕਾਰੀਆਂ ਮੁਤਾਬਕ ਰੈੱਡ ਫਲੈਗ ਚਿਤਾਵਨੀ ਸ਼ੁੱਕਰਵਾਰ ਸਵੇਰੇ 10 ਵਜੇ ਵਧਾਈ ਗਈ ਹੈ। ਹਿਊਜਸ ’ਚ ਬੁੱਧਵਾਰ ਸਵੇਰੇ ਅੱਗ ਲੱਗੀ ਅਤੇ ਇਕ ਦਿਨ ਤੋਂ ਵੀ ਘੱਟ ਸਮੇਂ ’ਚ ਲੇਕ ਕਲਾਸਿਕ ਨੇੜੇ 16 ਵਰਗ ਮੀਲ ਖੇਤਰ ’ਚ ਰੁੱਖ ਤੇ ਝਾੜੀਆਂ ਸੜ ਕੇ ਸੁਆਹ ਹੋ ਗਏ। ਇਹ ਝੀਲ ਅੱਗ ਦੀ ਲਪੇਟ ’ਚ ਆਏ ਈਟੌਨ ਅਤੇ ਪੈਲੀਸੇਡ ਤੋਂ ਲਗਪਗ 64 ਕਿਲੋਮੀਟਰ ਦੂਰ ਲੋਕਾਂ ਦਾ ਪਸੰਦੀਦਾ ਮਨੋਰੰਜਨ ਖੇਤਰ ਹੈ। ਈਟੌਨ ਤੇ ਪੈਲੀਸੇਡਸ ’ਚ ਤਿੰਨ ਹਫਤਿਆਂ ਤੋਂ ਅੱਗ ਲੱਗੀ ਹੋਈ ਹੈ। ਲਾਸ ਏਂਜਲਸ ਕਾਊਂਟੀ ਦੇ ਸ਼ੈਰਿਫ ਰੌਬਰਟ ਲੂਨਾ ਦੱਸਿਆ ਕਿ 31,000 ਤੋਂ ਵੱਧ ਲੋਕਾਂ ਨੂੰ ਜਗ੍ਹਾ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਹੈ ਜਦਕਿ 23,000 ਹੋਰ ਲੋਕਾਂ ਨੂੰ ਜਗ੍ਹਾ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਲੂਨਾ ਮੁਤਾਬਕ ਹਿਊਜਸ ਨੇੜੇ ਇੰਟਰਸਟੇਟ 5 ਦੇ ਬੰਦ ਕੀਤੇ ਗਏ ਹਿੱਸੇ ਜਲਦੀ ਹੀ ਖੋਲ੍ਹ ਦਿੱਤੇ ਜਾਣਗੇ।