ਰਣਜੀਤ ਸਿੰਘ ਰਾਏ
ਮਹਿਕ ਨੇ ਸੱਤਵੀਂ ਜਮਾਤ ਆਪਣੇ ਨਾਨਕੇ ਪਿੰਡ ਤੋਂ ਪਾਸ ਕਰ ਲਈ ਸੀ। ਹੁਣ ਉਹ ਆਪਣੇ ਪਿੰਡ ਅੱਠਵੀਂ ਜਮਾਤ ਵਿੱਚ ਦਾਖਲ ਹੋ ਗਈ ਸੀ। ਮਹਿਕ ਪੜ੍ਹਨ ਵਿੱਚ ਹੁਸ਼ਿਆਰ ਹੋਣ ਦੇ ਨਾਲ-ਨਾਲ ਆਗਿਆਕਾਰ ਤੇ ਸਾਊ ਸੁਭਾਅ ਦੀ ਕੁੜੀ ਸੀ।
ਕੁਝ ਦਿਨ ਤਾਂ ਉਹ ਸਕੂਲ ਬੜੇ ਚਾਅ ਨਾਲ ਜਾਂਦੀ ਰਹੀ, ਪਰ ਹੁਣ ਉਸ ਦਾ ਮਨ ਸਕੂਲ ਜਾਣ ਲਈ ਬਿਲਕੁਲ ਵੀ ਨਹੀਂ ਕਰਦਾ ਸੀ। ਅਜਿਹਾ ਪਹਿਲੀ ਵਾਰ ਹੋ ਰਿਹਾ ਸੀ ਕਿ ਮਹਿਕ ਸਕੂਲ ਜਾਣ ਤੋਂ ਕਤਰਾਅ ਰਹੀ ਸੀ। ਜਦੋਂ ਉਸ ਦੇ ਪਿਤਾ ਨੇ ਸਕੂਲ ਨਾ ਜਾਣ ਦਾ ਕਾਰਨ ਪੁੱਛਿਆ ਤਾਂ ਉਹ ਰੋਣ ਲੱਗ ਪਈ। ਉਹ ਰੋਂਦੀ ਹੋਈ ਬੋਲੀ, ‘ਸਾਰੇ ਬੱਚੇ ਮੇਰੇ ਕੱਦ ਨੂੰ ਲੈ ਕੇ ਚਿੜਾਉਂਦੇ ਰਹਿੰਦੇ ਹਨ। ਕੋਈ ਮੈਨੂੰ ਪਿੱਦੀ, ਕੋਈ ਗਿੱਠੀ ਕਹਿੰਦਾ ਹੈ। ਜਮਾਤ ਵਿੱਚ ਜਦੋਂ ਕੋਈ ਅਧਿਆਪਕ ਨਹੀਂ ਹੁੰਦਾ ਤਾਂ ਵੱਖ-ਵੱਖ ਨਾਂ ਲੈ ਕੇ ਮੈਨੂੰ ਤੰਗ ਕਰਦੇ ਹਨ। ਮੇਰਾ ਸਕੂਲ ਵਿੱਚ ਬਿਲਕੁਲ ਮਨ ਨਹੀਂ ਲੱਗਦਾ। ਪਾਪਾ ਮੇਰਾ ਕੱਦ ਉੱਚਾ ਕਿਉਂ ਨਹੀਂ ਹੈ?’
‘ਪੁੱਤਰ ਹੋਰਨਾਂ ਕਰਕੇ ਆਪਣੀ ਪੜ੍ਹਾਈ ਛੱਡਣਾ ਕਿੱਧਰ ਦੀ ਸਿਆਣਪ ਏ! ਪੜ੍ਹਾਈ ਜੀਵਨ ਦਾ ਆਧਾਰ ਹੈ। ਇਸ ਦੇ ਬਲਬੂਤੇ ਹੀ ਤੁਸੀਂ ਆਪਣੀ ਮੰਜ਼ਿਲ ਨੂੰ ਹਾਸਿਲ ਕਰ ਸਕਦੇ ਹੋ। ਮੈਂ ਤਾਂ ਬਸ ਇਹੀ ਕਹਾਗਾਂ ਕਿ ਤੂੰ ਆਪਣਾ ਸਾਰਾ ਧਿਆਨ ਪੜ੍ਹਨ ਵੱਲ ਦੇ। ਤੇਰੀ ਜਮਾਤ ਵੀ ਐਂਤਕੀ ਬੋਰਡ ਦੀ ਏ। ਦੱਬ ਕੇ ਮਿਹਨਤ ਕਰ। ਰਹੀ ਗੱਲ ਉੱਚੇ ਕੱਦ ਦੀ, ਉਸ ਦੇ ਬਾਰੇ ਮੈਂ ਤੈਨੂੰ ਉਚਿਤ ਸਮਾਂ ਆਉਣ ’ਤੇ ਜ਼ਰੂਰ ਦੱਸਾਗਾਂ।’
ਮਹਿਕ ਨੇ ਆਪਣੇ ਪਾਪਾ ਦੀ ਗੱਲ ਮੰਨ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣਾ ਪੂਰਾ ਧਿਆਨ ਪੜ੍ਹਾਈ ’ਤੇ ਕੇਂਦਰਿਤ ਕਰ ਦਿੱਤਾ। ਜੇਕਰ ਕੋਈ ਉਸ ਦਾ ਉਲਟ ਨਾਂ ਵੀ ਲੈਂਦਾ ਤਾਂ ਉਹ ਅਣਸੁਣਿਆ ਕਰ ਦਿੰਦੀ। ਬੋਰਡ ਦੇ ਇਮਤਿਹਾਨ ਹੋਏ। ਉਸ ਨੇ ਸਾਰੇ ਪੇਪਰ ਪੂਰੀ ਤਿਆਰੀ ਨਾਲ ਦਿੱਤੇ। ਉਸ ਨੂੰ ਵਧੀਆ ਨੰਬਰ ਆਉਣ ਦਾ ਪੂਰਾ ਵਿਸ਼ਵਾਸ ਸੀ।
ਪੇਪਰ ਖ਼ਤਮ ਹੋਣ ਤੋਂ ਮਹੀਨੇ ਬਾਅਦ ਨਤੀਜੇ ਦਾ ਐਲਾਨ ਹੋਇਆ। ਅਖ਼ਬਾਰ ਵਿੱਚ ਆਪਣੀ ਫੋਟੋ ਵੇਖ ਕੇ ਮਹਿਕ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਪੂਰੇ ਰਾਜ ਵਿੱਚੋਂ ਉਸ ਦਾ ਦੂਸਰਾ ਸਥਾਨ ਸੀ। ਇਹ ਪ੍ਰਾਪਤੀ ਹਾਸਿਲ ਕਰਨ ਵਾਲੀ ਉਹ ਇਲਾਕੇ ਦੀ ਪਹਿਲੀ ਲੜਕੀ ਸੀ। ਮਹਿਕ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਮਹਿਕ ਅਤੇ ਉਸ ਦੇ ਮੰਮੀ-ਪਾਪਾ ਨੂੰ ਹਾਰਾਂ ਨਾਲ ਲੱਦ ਦਿੱਤਾ ਗਿਆ। ਹਰ ਕੋਈ ਉਸ ਦੀ ਇਸ ਵੱਡੀ ਉਪਲੱਬਧੀ ’ਤੇ ਮਾਣ ਮਹਿਸੂਸ ਕਰ ਰਿਹਾ ਸੀ। ਜੋ ਬੱਚੇ ਮਹਿਕ ਨੂੰ ਗ਼ਲਤ ਨਾਂ ਲੈ ਕੇ ਚਿੜਾਉਂਦੇ ਸਨ, ਉਹ ਵੀ ਸ਼ਰਮਿੰਦੇ ਹੋਏ ਵਧਾਈਆਂ ਦੇ ਰਹੇ ਸਨ। ਸਿੱਖਿਆ ਮੰਤਰੀ ਵੱਲੋਂ ਉਸ ਨੂੰ 10 ਹਜ਼ਾਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ।
ਸ਼ਾਮ ਨੂੰ ਜਦੋਂ ਸਭ ਲੋਕ ਘਰ ਤੋਂ ਚਲੇ ਗਏ ਤਾਂ ਮਹਿਕ ਦੇ ਪਾਪਾ ਨੇ ਉਸ ਨੂੰ ਕੋਲ ਬੁਲਾਇਆ ਤੇ ਕਿਹਾ, ‘ਪੁੱਤਰ ਤੈਨੂੰ ਯਾਦ ਹੈ ਮੈਂ ਇੱਕ ਵਾਰ ਤੈਨੂੰ ਕਿਹਾ ਸੀ ਕਿ ਉੱਚਾ ਕੱਦ ਕਿਹੜਾ ਹੁੰਦਾ ਹੈ, ਇਸ ਬਾਰੇ ਸਹੀ ਸਮਾਂ ਆਉਣ ’ਤੇ ਜ਼ਰੂਰ ਦੱਸਾਗਾਂ। ਅੱਜ ਮੈਂ ਤੈਨੂੰ ਇਸ ਦੇ ਬਾਰੇ ਦੱਸਦਾ ਹਾਂ। ਮਹਿਕ ਪੁੱਤਰ ਸਰੀਰਕ ਕੱਦ-ਕਾਠ ਜ਼ਿਆਦਾ ਮਾਅਨੇ ਨਹੀਂ ਰੱਖਦਾ। ਉੱਚਾ ਕੱਦ ਤੁਹਾਡੇ ਕਿਰਦਾਰ, ਮਿਹਨਤ ਅਤੇ ਪ੍ਰਾਪਤੀ ਦਾ ਹੋਣਾ ਚਾਹੀਦਾ ਹੈ। ਹੁਣ ਤੂੰ ਹੀ ਵੇਖ ਸਾਰੇ ਤੇਰੀ ਪ੍ਰਾਪਤੀ ’ਤੇ ਕਿੰਨਾ ਮਾਣ ਕਰ ਰਹੇ ਹਨ ਕਿਉਂਕਿ ਤੂੰ ਆਪਣਾ ਕੱਦ ਪੂਰੇ ਇਲਾਕੇ ਵਿੱਚ ਵੱਡਾ ਕਰ ਲਿਆ ਹੈ। ਇਹ ਸਭ ਸੁਣ ਕੇ ਮਹਿਕ ਆਪਣੇ ਪਾਪਾ ਦੇ ਗਲ਼ ਲੱਗ ਗਈ।