ਨਵੀਂ ਦਿੱਲੀ, 19 ਜੂਨ
ਭਾਰਤੀ ਉਲੰਪਿਕ ਐਸੋਸੀਏਸ਼ਨ ਦੀ ਐਡ-ਹਾਕ ਕਮੇਟੀ ਜਿਸ ਨੂੰ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਕਰਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਨੇ ਅੱਜ ਪੰਜ ਵਿਵਾਦਤ ਸੂਬਾਈ ਇਕਾਈਆਂ ਦੀ ਸੁਣਵਾਈ 21 ਜੂਨ ਲਈ ਤੈਅ ਕੀਤੀ ਹੈ। ਇਸ ਤੋਂ ਇਲਾਵਾ ਇਲੈਕਟੋਰਲ ਕਾਲਜ ਦੇ ਗਠਨ ਲਈ ਨਾਮਜ਼ਦਗੀਆਂ ਲੈਣ ਦੀ ਆਖ਼ਰੀ ਤਰੀਕ ਵੀ ਦੋ ਦਿਨ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸੂਬਾਈ ਇਕਾਈਆਂ ਵੱਲੋਂ ਇਲੈਕਟੋਰਲ ਕਾਲਜ ਲਈ ਨਾਂ ਭੇਜਣ ਦੀ ਆਖਰੀ ਤਰੀਕ 19 ਜੂਨ ਰੱਖੀ ਗਈ ਸੀ। ਪਰ ਸੁਣਵਾਈ ਕਾਰਨ ਹੁਣ ਇਹ ਤਰੀਕ 21 ਜੂਨ ਕੀਤੀ ਗਈ ਹੈ। ਵਿਵਾਦਤ ਇਕਾਈਆਂ ਮਹਾਰਾਸ਼ਟਰ, ਤਿਲੰਗਾਨਾ, ਹਿਮਾਚਲ, ਹਰਿਆਣਾ ਤੇ ਰਾਜਸਥਾਨ ਨਾਲ ਸਬੰਧਤ ਹਨ ਜਿਨ੍ਹਾਂ ਨੂੰ ਮਾਨਤਾ ਨਹੀਂ ਹੈ। ਜਦਕਿ ਇਨ੍ਹਾਂ ਐਸੋਸੀਏਸ਼ਨ ਕੋਲ ਪਹੁੰਚ ਕਰ ਕੇ ਦਾਅਵਾ ਕੀਤਾ ਹੈ ਕਿ ਉਹ ਪ੍ਰਧਾਨ ਚੁਣਨ ਵਾਲੇ ਇਲੈਕਟੋਰਲ ਕਾਲਜ ਵਿਚ ਮੈਂਬਰ ਨਾਮਜ਼ਦ ਕਰਨ ਦਾ ਹੱਕ ਰੱਖਦੇ ਹਨ। ਉਨ੍ਹਾਂ ਕਿਹਾ ਹੈ ਕਿ ਉਹ 6 ਜੁਲਾਈ ਨੂੰ ਹੋਣ ਵਾਲੀ ਚੋਣ ਵਿਚ ਹਿੱਸਾ ਲੈ ਸਕਦੇ ਹਨ। ਬਿਨਾਂ ਮਾਨਤਾ ਵਾਲੀਆਂ ਅਸਾਮ, ਤ੍ਰਿਪੁਰਾ, ਬਿਹਾਰ ਤੇ ਮੱਧ ਪ੍ਰਦੇਸ਼ ਦੀਆਂ ਇਕਾਈਆਂ ਨੇ ਵੀ ਐਡ-ਹਾਕ ਕਮੇਟੀ ਕੋਲ ਪਹੁੰਚ ਕੀਤੀ ਸੀ ਪਰ ਕਮੇਟੀ ਮੁਤਾਬਕ ਇਨ੍ਹਾਂ ਦੇ ਦਾਅਵਿਆਂ ਵਿਚ ਕੋਈ ਦਮ ਨਹੀਂ ਸੀ। ਕੁਸ਼ਤੀ ਫੈਡਰੇਸ਼ਨ ਨੇ ਹਰਿਆਣਾ ਤੇ ਮਹਾਰਾਸ਼ਟਰ ਦੀਆਂ ਇਕਾਈਆਂ ਨੂੰ ਜੂਨ 2022 ਵਿਚ ਭੰਗ ਕਰ ਦਿੱਤਾ ਸੀ ਤੇ ਚੋਣਾਂ ਕਰਾ ਕੇ ਨਵੀਆਂ ਇਕਾਈਆਂ ਸਥਾਪਿਤ ਕਰ ਦਿੱਤੀਆਂ ਸਨ।