ਮੁੰਬਈ:ਅਦਾਕਾਰਾ ਉਰਵਸ਼ੀ ਰੌਟੇਲਾ ਨੂੰ ਪਾਣੀ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਆਰੰਭੀ ਗਈ ਮੁਹਿੰਮ ‘ਮਿਸ਼ਨ ਪਾਣੀ ਜਲ ਸ਼ਕਤੀ’ ਦੀ ਕੌਮੀ ਅੰਬੈਸਡਰ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਅਦਾਕਾਰਾ ਪਹਿਲਾਂ ਵੀ ਆਪਣੀ ਸੰਸਥਾ ‘ਉਰਵਸ਼ੀ ਰੌਟੇਲਾ ਫਾਊਂਡੇਸ਼ਨ’ ਰਾਹੀਂ ਪਾਣੀ ਦੀ ਕਿੱਲਤ ਵਰਗੀਆਂ ਸਮੱਸਿਆਵਾਂ ਨੂੰ ਮੁਖਾਤਬ ਰਹੀ ਹੈ। ਇਹ ਸੰਸਥਾ ਉਰਵਸ਼ੀ ਨੇ ਆਪਣੇ ਮਾਤਾ-ਪਿਤਾ ਨਾਲ ਰਲ ਕੇ ਸ਼ੁਰੂ ਕੀਤੀ ਸੀ, ਜਿਸ ਨੇ ਹੁਣ ਤੱਕ ਉੱਤਰਾਖੰਡ, ਪੌੜੀ, ਗੜ੍ਹਵਾਲ ਤੇ ਹਰਿਦੁਆਰ ਵਿੱਚ ਵੱਡੀ ਗਿਣਤੀ ਲੋਕਾਂ ਤੱਕ ਪੀਣਾ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਹੈ। ਇਸ ਬਾਰੇ ਗੱਲ ਕਰਦਿਆਂ ਉਰਵਸ਼ੀ ਨੇ ਕਿਹਾ, ‘ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਆਪਣੀ ਜ਼ਿੰਦਗੀ ਵਿੱਚ ਇਹ ਸਾਰੀਆਂ ਸੁੱਖ ਸਹੂਲਤਾਂ ਮਿਲੀਆਂ ਹਨ। ਮੈਨੂੰ 2021 ਵਿੱਚ ਮਿਸ ਯੂਨੀਵਰਸ ਦੇ ਮੁਕਾਬਲੇ ਵਿੱਚ ਅਤੇ ਦਾਦਾ ਸਾਹਿਬ ਫਾਲਕੇ ਕੌਮਾਂਤਰੀ ਫਿਲਮ ਫੈਸਟੀਵਲ ਵਿੱਚ ਜੱਜ ਬਣਨ ਦਾ ਮੌਕਾ ਮਿਲਿਆ। ਹੁਣ ਇਸ ਮਿਸ਼ਨ ਰਾਹੀਂ ਮੈਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।’ ਅਦਾਕਾਰਾ ਨੇ ਕਿਹਾ, ‘1.38 ਅਰਬ ਦੀ ਆਬਾਦੀ ਨਾਲ ਭਾਰਤ ਦੁਨੀਆ ਦਾ ਦੂਜੇ ਨੰਬਰ ਦਾ ਸਭ ਤੋਂ ਵੱਧ ਜਨਸੰਖਿਆ ਵਾਲਾ ਦੇਸ਼ ਹੈ। ਜਿੱਥੇ ਛੇ ਫ਼ੀਸਦ ਤੋਂ ਵੱਧ ਆਬਾਦੀ ਹਾਲੇ ਵੀ ਸਾਫ਼ ਅਤੇ ਪੀਣ ਲਾਇਕ ਪਾਣੀ ਤੋਂ ਵਾਂਝੀ ਹੈ ਤੇ ਹਾਲੇ ਵੀ 15 ਫ਼ੀਸਦ ਲੋਕ ਖੁੱਲ੍ਹੇ ਵਿੱਚ ਪਖਾਨਾ ਜਾਂਦੇ ਹਨ।’ ਅਦਾਕਾਰਾ ਨੇ ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਉਸ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਉਰਵਸ਼ੀ ਨੇ ਲਿਖਿਆ, ‘ਧੰਨਵਾਦ ਪ੍ਰਧਾਨ ਮੰਤਰੀ @ਨਰਿੰਦਰਮੋਦੀ ਜੀ ਅਤੇ ਜਲ ਸ਼ਕਤੀ ਪਾਣੀ ਸੰਰਕਸ਼ਣ ਮੰਤਰੀ @ਜੀਐੱਸਐੱਸਜੋਧਪੁਰ ਜੀ, ਮੈਨੂੰ ਇਹ ਮੌਕਾ ਦੇਣ ਲਈ।’