ਮੁੰਬਈ, 13 ਮਈ

ਬੌਲੀਵੁੱਡ ਅਦਾਕਾਰਾ ਉਰਵਸ਼ੀ ਰੌਟੇਲਾ ਨੇ ਮਿਸਰ ਦੇ ਅਦਾਕਾਰ ਮੁਹੰਮਦ ਰਮਦਾਨ ਨਾਲ ਆਪਣਾ ਪਹਿਲਾ ਅੰਤਰਰਾਸ਼ਟਰੀ ਮਿਊਜ਼ਿਕ ਐਲਬਮ ‘ਵਰਸਾਚੇ ਬੇਬੀ’ ਸ਼ੂਟ ਕੀਤਾ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਗਾਣੇ ਵਿੱਚ ਬੌਲੀਵੁੱਡ ਅਤੇ ਭਾਰਤੀ ਸੱਭਿਆਚਾਰ ਦਾ ਪ੍ਰਭਾਵ ਛੱਡਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਕਿਹਾ, ‘‘ ਮੈਂ ਇਸ ਵਿੱਚ ਬਹੁਤ ਸਾਰੇ ਬੌਲੀਵੁੱਡ ਤੱਤਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਮੈਂ ਭਾਰਤੀ ਹਾਂ। ਮੈਂ ਜਿਸ ਵੀ ਪ੍ਰਾਜੈਕਟ ਦਾ ਹਿੱਸਾ ਬਣਾਂਗੀ, ਮੈਂ ਹਮੇਸ਼ਾ ਚਾਹਾਂਗੀ ਕਿ ਉਸ ਵਿੱਚ ਭਾਰਤੀ ਸੱਭਿਆਚਾਰ ਦੀ ਛਾਪ ਛੱਡੀ ਜਾਵੇ। ਇਸ ਲਈ, ਹਾਂ, ਤੁਸੀਂ ‘ਵਰਸਾਚੇ ਬੇਬੀ’ ਵਿੱਚ ਬੌਲੀਵੁੱਡ ਦੀ ਝਲਕ ਦੇਖ ਸਕੋਗੇ।’’ ਉਸ ਨੇ ਕਿਹਾ, ‘‘ਇਹ ਬਹੁਤ ਖਾਸ ਅਤੇ ਮੇਰੇ ਦਿਲ ਦੇ ਬੇਹੱਦ ਨੇੜੇ ਹੈ। ਮੇਰੇ ਮਾਪੇ, ਪਰਿਵਾਰ ਅਤੇ ਦੋਸਤ ਬਹੁਤ ਉਤਸ਼ਾਹਿਤ ਹਨ ਅਤੇ ਬੇਸਬਰੀ ਨਾਲ ਇਸ ਨੂੰ ਉਡੀਕ ਰਹੇ ਹਨ।’’ ਅਦਾਕਾਰਾ ਨੇ ਕਿਹਾ ਕਿ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਇੱਕ ਭਾਰਤੀ ਨੂੰ ਇਸ ਅੰਤਰਾਸ਼ਟਰੀ ਪ੍ਰਾਜੈਕਟ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਉਸ ਨੇ ਦੱਸਿਆ ਕਿ ‘ਵਰਸਾਚੇ ਬੇਬੀ’ ਇੱਕ ਮਿਊਜ਼ਿਕ ਐਲਬਮ ਹੈ ਅਤੇ ਇਹ ਦੁਨੀਆਂ ਦੇ ਨਾਮਵਰ ਬਰੈਂਡ ‘ਵਰਸਾਚੇ’ ਉੱਤੇ ਆਧਾਰਤ ਹੈ। ਅਦਾਕਾਰਾ ਨੇ ਇਹ ਵੀ ਦੱਸਿਆ ਕਿ ਗਾਣੇ ਦੌਰਾਨ ਸਿਰ ਤੋਂ ਲੈ ਕੇ ਪੈਰਾਂ ਤੱਕ ਇਸੇ ਬਰੈਂਡ ਦੇ ਸਾਮਾਨ ਦੀ ਵਰਤੋਂ ਕੀਤੀ ਗਈ ਹੈ, ਕੱਪੜਿਆਂ ਤੇ ਜੁੱਤਿਆਂ ਤੋਂ ਲੈ ਕੇ ਗਹਿਣਿਆਂ ਤੱਕ ਅਤੇ ਇੱਥੋਂ ਤੱਕ ਸ਼ੂਟਿੰਗ ਵੀ ਵਰਸਾਚੇ ਹਾਊਸ ਵਿੱਚ ਹੋਈ ਹੈ। ਉਰਵਸ਼ੀ ਨੇ ਦੱਸਿਆ ਕਿ ਇਹ ਐਲਬਮ ਈਦ ਮੌਕੇ ਰਿਲੀਜ਼ ਹੋਵੇਗੀ ਅਤੇ ਇਹ ਉਸ ਵੱਲੋਂ ਪ੍ਰਸ਼ੰਸਕਾਂ ਲਈ ਈਦ ਦਾ ਤੋਹਫ਼ਾ ਹੋਵੇਗਾ।